- ਫਾਇਰਿੰਗ ਕਰ ਕਾਰਾਂ ਵਿੱਚ ਫਰਾਰ ਹੋਏ
ਬਟਾਲਾ, 3 ਜੂਨ 2023 – ਗੁਰਦਾਸਪੁਰ ਦੇ ਬਟਾਲਾ ‘ਚ ਦੋ ਧੜਿਆਂ ‘ਚ ਲੜਾਈ ਤੋਂ ਬਾਅਦ ਗੋਲੀ ਚੱਲ ਗਈ। ਘਟਨਾ ਤੋਂ ਬਾਅਦ ਦੋਵੇਂ ਧੜੇ ਮੌਕੇ ਤੋਂ ਫ਼ਰਾਰ ਹੋ ਗਏ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਲਲਿਤ ਕੁਮਾਰ ਮੌਕੇ ’ਤੇ ਪੁੱਜੇ। ਪੁਲੀਸ ਨੇ ਦੋਵਾਂ ਧੜਿਆਂ ਦੇ ਨੌਜਵਾਨਾਂ ਦੀ ਪਛਾਣ ਕਰਨ ਲਈ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਜਲੰਧਰ ਰੋਡ ਚਿੱਟੀ ਗਰਾਊਂਡ ਸਥਿਤ ਆਈਲੈਟਸ ਸੈਂਟਰ ਦੇ ਬਾਹਰ ਵਾਪਰੀ। ਨੌਜਵਾਨਾਂ ਦੇ ਦੋ ਗੁੱਟ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਉਲਝ ਗਏ। ਪਹਿਲਾਂ ਇਹ ਝਗੜਾ ਗਾਲ੍ਹਾਂ ਕੱਢਣ ਤੱਕ ਸੀ ਪਰ ਇਸੇ ਦੌਰਾਨ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਚੰਗੀ ਗੱਲ ਇਹ ਰਹੀ ਕਿ ਗੋਲੀ ਚੱਲਣ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਚਸ਼ਮਦੀਦਾਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਫਿਰ ਝਗੜਾ ਕਰਨ ਵਾਲੇ ਨੌਜਵਾਨ ਕਾਰ ਵਿੱਚ ਬੈਠ ਕੇ ਫ਼ਰਾਰ ਹੋ ਗਏ। ਪੁਲੀਸ ਟੀਮ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੋਲੀ ਦਾ ਖੋਲ ਬਰਾਮਦ ਕਰ ਲਿਆ ਹੈ। ਜਿਸ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਵਿੱਚ ਕਾਰਾਂ ਦੇ ਨੰਬਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਸੁਰਾਗ ਮਿਲ ਸਕੇ।