ਸਾਕਾ ਜੂਨ 1984 ਦਾ ਸਿਆਸੀ ਪਿਛੋਕੜ

ਚੰਡੀਗੜ੍ਹ, 3 ਜੂਨ 2023 – ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ‘ਸਾਕਾ ਜੂਨ 1984 ਦਾ ਸਿਆਸੀ ਪਿਛੋਕੜ’ ਵਿਸ਼ੇ ਉਪਰ ਕਰਵਾਏ ਗਏ ਯਾਦਗਾਰੀ ਸਮਾਗਮ ਵਿੱਚ ਪ੍ਰੋ. ਸ਼ਾਮ ਸਿੰਘ (ਪ੍ਰਧਾਨ) ਵੱਲੋਂ ਇਸ ਨੁਕਤੇ ਉਪਰ ਜ਼ੋਰ ਦਿੱਤਾ ਕਿ ਸਿੱਖ ਪੰਥ ਨੂੰ ਮੌਜੂਦਾ ਹਾਲਾਤ ਵਿੱਚ ਸੰਵਾਦ ਰਚਾਉਣ ਦੀ ਜ਼ਰੂਰਤ ਹੈ ਅਤੇ ਫੈਂਡਰਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੁਰਅਮਨ ਸੰਘਰਸ਼ ਉਪਰ ਟੇਕ ਰੱਖਣੀ ਚਾਹੀਦੀ ਹੈ।

ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਕਰ ਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ “ਕਿਛੁ ਸੁਣੀਐ ਕਿਛੁ ਕਹੀਐ” ਦੇ ਸੰਕਲਪ ਤੇ ਪਹਿਰਾ ਦਿੰਦਿਆਂ ਸਾਰੇ ਜਮਹੂਰੀਅਤ ਪਸੰਦ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਪ੍ਰੈਲ 1978 ਦੀ ਵਿਸਾਖੀ ਨੂੰ ਹੋਏ ਨਿਰੰਕਾਰੀ ਕਾਂਡ ਤੋਂ ਬਾਅਦ ਸ਼ੁਰੂ ਹੋਈ ਪੰਜਾਬ ਸਮੱਸਿਆ ਨੇ ਜਿਸ ਤਰੀਕੇ ਨਾਲ ਹਿੰਸਕ ਰੂਪ ਅਖਤਿਆਰ ਕੀਤਾ ਅਤੇ ਸਟੇਟ ਦੇ ਜਬਰ ਕਾਰਨ ਸੂਬੇ ਦੀ ਜਵਾਨੀ ਦਾ ਘਾਣ ਹੋਇਆ ਇਸ ਤੋਂ ਅਜੇ ਵੀ ਸਬਕ ਸਿੱਖਣ ਦੀ ਜ਼ਰੂਰਤ ਹੈ।

ਕੇਂਦਰੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ.ਬੀ ਐਸ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਕਾ ਜੂਨ 1984 ਸਾਕਾ ਨੀਲਾ ਤਾਰਾ ਅਪਰੇਸ਼ਨ, ਭਾਰਤ ਸਰਕਾਰ ਦੀ ਗਿਣੀ ਮਿਥੀ ਸਾਜਿਸ਼ ਸੀ ਜਿਸ ਵਾਸਤੇ ਪਹਿਲਾਂ ਤੋਂ ਹੀ ਪਿੜ ਤਿਆਰ ਕੀਤਾ ਗਿਆ ਸੀ। ਆਪਣੀ ਪੁਸਤਕ ‘ਦਾ ਖਾਲਿਸਤਾਨ ਕਾਂਸਪਰੇਸੀ’ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਣ ਵਾਲੇ ਹਰੇਕ ਐਕਸ਼ਨ ਦੀ ਸਾਜਿਸ਼ ਦਿੱਲੀ ’ਚ ਬੈਠ ਕੇ ਘੜੀ ਜਾਂਦੀ ਸੀ, ਐਕਸ਼ਨ ਭਾਵੇਂ ਕਿਸੇ ਵੀ ਧਿਰ ਵੱਲੋਂ ਹੁੰਦਾ।

ਉੱਘੇ ਐਡਵੋਕੇਟ ਅਤੇ ਮਨੁੱਖੀ ਹੱਕਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਜਿਸ ਤਰ੍ਹਾਂ 1984 ਦੀਆਂ ਘਟਨਾਵਾਂ ਰਾਹੀਂ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਕਾਂਗਰਸ ਨੇ 1985 ਦੀਆਂ ਚੋਣਾਂ ਵਿੱਚ ਭਾਰੀ ਬਹੁਮੱਤ ਹਾਸਲ ਕੀਤਾ ਉਸੇ ਤਰ੍ਹਾਂ ਹੁਣ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮੌਜੂਦਾ ਹਕੂਮਤ ਲਗਾਤਾਰ ਸੱਤਾ ’ਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।

ਉੱਘੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਪੰਜਾਬ ਦੀ ਸਮੱਸਿਆ ਅਸਲ ਵਿੱਚ 1849 ਤੋਂ ਸ਼ੁਰੂ ਹੁੰਦੀ ਹੈ ਜਦ ਬਰਤਾਨਵੀ ਸ਼ਾਸਕਾਂ ਨੇ ਦੇਸ਼ ਪੰਜਾਬ ਨੂੰ ਹਿੰਦੋਸਤਾਨ ਵਿੱਚ ਸ਼ਾਮਲ ਕੀਤਾ। ਉਹਨਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਦੀ ਸਮੱਸਿਆ ਗੁਰੂ ਨਾਨਕ ਸਾਹਿਬ ਅਤੇ ਗੁਰਬਾਣੀ ਦੇ ਆਸ਼ੇ ਮੁਤਾਬਿਕ ਹੀ ਹੱਲ ਹੋ ਸਕਦੀ ਹੈ ਜਿਸ ਵਿੱਚ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ।

ਰਣਜੀਤ ਸਿੰਘ ਕੁੱਕੀ ਗਿੱਲ ਨੇ ਕਿਹਾ ਕਿ ਸਿੱਖ ਬੁੱਧੀਜੀਵੀਆਂ ਨੂੰ ਸਾਕਾ ਜੂਨ 1984 ਅਤੇ ਦਿੱਲੀ ਦੇ ਸਿੱਖ ਕਤਲੇਆਮ ਸਬੰਧੀ ਸਹੀ ਸ਼ਬਦਾਵਲੀ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਵਿੱਚ ਸਹੀ ਪਰਿਪੇਖ ਪੇਸ਼ ਕੀਤਾ ਜਾ ਸਕੇ।

ਰਾਜਵਿੰਦਰ ਸਿੰਘ ਰਾਹੀ ਨੇ ਸਾਕਾ ਜੂਨ 1984 ਦੌਰਾਨ ਫੌਜੀ ਹਮਲੇ ’ਚ ਤਬਾਹ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਆਪਣੀ ਖੋਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਲਾਇਬ੍ਰੇਰੀ ਦੀ ਸਮੱਗਰੀ ਅਤੇ ਪਾਵਨ ਗ੍ਰੰਥ ਲਾਪਤਾ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ।

ਡਾ. ਖੁਸ਼ਹਾਲ ਸਿੰਘ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਗਿਆਨੀ ਕੇਵਲ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਮੀ ਸਿੰਘ ਸਭਾ ਪੱਤ੍ਰਿਕਾ (ਜੂਨ-84 ਕਿੱਥੇ ਗਈ ਸਿੱਖ ਰੈਫਰੈਂਸ ਲਾਇਬ੍ਰਰੀ?) ਅਤੇ ਜੀ.ਬੀ ਐਸ ਸਿੱਧੂ ਦੀ ਪੁਸਤਕ ‘ ਖਾਲਿਸਤਾਨ ਇਕ ਸਾਜਿਸ਼’ ਦਾ ਨਵਾਂ ਐਡੀਸ਼ਨ ਵਾਈਟ ਕਰੋਅ ਪਬਲਿਸ਼ਰਜ਼ ਵੱਲੋ ਪ੍ਰਕਾਸ਼ਿਤ ਕੀਤਾ ਗਿਆ।

ਇਸ ਸਮਾਗਮ ਨੂੰ ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਸਲ), ਗੁਰਬੀਰ ਸਿੰਘ ਮਚਾਕੀ, ਡਾ. ਪਿਆਰਾ ਲਾਲ ਗਰਗ, ਹਮੀਰ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਪ੍ਰੋ. ਮਨਜੀਤ ਸਿੰਘ, ਹਰਜੋਤ ਸਿੰਘ, ਨਰੈਣ ਸਿੰਘ ਚੌੜਾ, ਮਹਿੰਦਰ ਸਿੰਘ ਮੌਰਿੰਡਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਦੀਪ ਸਿੰਘ ਡਿਬਡਿਬਾ, ਡਾ. ਭਗਵਾਨ ਸਿੰਘ ਅਤੇ ਹਰੋ ਵਿਦਵਾਨ ਨੇ ਆਪਣੇ ਵਿਚਾਰ ਪੇਸ਼ ਕੀਤੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਡੀਜ਼ਲ ਤੇ ਟਿਕਟ ਚੋਰੀ ਸਣੇ ਪੰਜ ਵੱਖ-ਵੱਖ ਮਾਮਲੇ ਫੜੇ: ਲਾਲਜੀਤ ਭੁੱਲਰ

ਬੀਬੀ ਜਗੀਰ ਕੌਰ ਵੱਲੋਂ SGPC ਚੋਣਾਂ ਲੜਨ ਲਈ ਵੱਖਰੀ ਪਾਰਟੀ ਬਣਾਉਣ ਦਾ ਐਲਾਨ