ਲੁਧਿਆਣਾ, 4 ਜੂਨ 2023 – ਪੰਜਾਬ ਦੇ ਲੁਧਿਆਣਾ ‘ਚ ਤਿੰਨ ਬਦਮਾਸ਼ਾਂ ਨੇ 19 ਸਾਲਾ ਵਿਦਿਆਰਥੀ ਤੋਂ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਬ੍ਰੇਜ਼ਾ ਕਾਰ ਲੁੱਟ ਲਈ। ਇਹ ਵਿਦਿਆਰਥੀ ਟਿਊਸ਼ਨ ਮਾਰਕੀਟ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਆਈਲੈਟਸ ਦੀ ਕਲਾਸ ਲੈਣ ਆਇਆ ਸੀ। ਇੱਥੇ ਤਿੰਨ ਬਦਮਾਸ਼ਾਂ ਨੇ ਉਸ ਨੂੰ ਆਪਣਾ ਨਿਸ਼ਾਨਾ ਬਣਾਇਆ।
ਬਦਮਾਸ਼ਾਂ ਵੱਲੋਂ ਕੀਤੀ ਗਈ ਇਹ ਵਾਰਦਾਤ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਹੈ ਆਏ ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਿੰਡ ਮਨਸੂਰਾਂ ਦੇ ਸਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਈਲੈਟਸ ਦੀ ਕੋਚਿੰਗ ਲੈਣ ਲਈ ਟਿਊਸ਼ਨ ਬਾਜ਼ਾਰ ਆਉਂਦਾ ਹੈ। ਉਸ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਬ੍ਰੇਜ਼ਾ ਕਾਰ ਲੈ ਕੇ ਕੋਚਿੰਗ ਲਈ ਪਹੁੰਚਿਆ ਸੀ। ਉਸ ਦੇ ਨਾਲ ਉਸ ਦੇ ਦੋਸਤ ਵੀ ਸਨ।

ਇਸ ਦੌਰਾਨ ਉਸ ਦਾ ਇੱਕ ਦੋਸਤ ਸੈਂਟਰ ਦੇ ਅੰਦਰ ਚਲਾ ਗਿਆ, ਜਦੋਂ ਕਿ ਦੂਜਾ ਦੋਸਤ ਬਾਜ਼ਾਰ ਚਲਾ ਗਿਆ। ਉੱਥੇ ਉਹ ਬ੍ਰੇਜ਼ਾ ਵਿੱਚ ਬੈਠ ਗਿਆ, ਕਿਉਂਕਿ ਕਲਾਸ ਅਜੇ ਸ਼ੁਰੂ ਨਹੀਂ ਹੋਈ ਸੀ। ਇਸ ਦੌਰਾਨ ਤਿੰਨ ਬਦਮਾਸ਼ ਉਸ ਦੀ ਕਾਰ ਵਿਚ ਦਾਖਲ ਹੋਏ ਅਤੇ ਉਸ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਰੱਖ ਦਿੱਤੇ।
ਬਦਮਾਸ਼ਾਂ ਨੇ ਉਸ ਨੂੰ ਬਿਨਾਂ ਅਲਾਰਮ ਵਜਾਏ ਕਾਰ ਤੋਂ ਬਾਹਰ ਨਿਕਲਣ ਦੀ ਧਮਕੀ ਦਿੱਤੀ। ਜਿਵੇਂ ਹੀ ਉਹ ਬਾਹਰ ਨਿਕਲਿਆ ਤਾਂ ਬਦਮਾਸ਼ ਕਾਰ ਲੈ ਕੇ ਭੱਜ ਗਏ। ਸਰਵਿੰਦਰ ਨੇ ਦੱਸਿਆ ਕਿ ਉਸ ਨੇ ਪਿੱਛਾ ਵੀ ਕੀਤਾ ਪਰ ਉਹ ਭੱਜ ਗਏ।
ਸਰਵਿੰਦਰ ਨੇ ਦੱਸਿਆ ਕਿ ਕਾਰ ਦਾ ਅਲਾਰਮ ਵੀ ਵਜਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਬਦਮਾਸ਼ ਭੱਜਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ’ਤੇ ਪੁਲੀਸ ਨੇ ਤੁਰੰਤ ਟੋਲ ਪਲਾਜ਼ਾ ਦੇ ਕੈਮਰੇ ਚੈੱਕ ਕੀਤੇ। ਮੁਲਜ਼ਮਾਂ ਨੇ ਅਜੇ ਤੱਕ ਕੋਈ ਟੋਲਾ ਨਹੀਂ ਪਾਰ ਕੀਤਾ ਹੈ। ਏਡੀਸੀਪੀ ਸਿਟੀ-3 ਸਮੀਰ ਵਰਮਾ ਨੇ ਦੱਸਿਆ ਕਿ ਪੁਲੀਸ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਰਿਕਾਰਡਿੰਗ ਦੀ ਜਾਂਚ ਕਰ ਰਹੀ ਹੈ। ਪੁਲਸ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਵੇਗੀ।
