- ਕਿਹਾ ਸਰਕਾਰ ਪਹਿਲਵਾਨਾਂ ਦੀ ਸਮੱਸਿਆ ਲਈ ਚਰਚਾ ਕਰਨ ਲਈ ਤਿਆਰ
- ਬੀਤੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਹਿਲਵਾਨਾਂ ਨੇ ਕੀਤੀ ਸੀ ਮੁਲਾਕਾਤ
ਨਵੀਂ ਦਿੱਲੀ, 7 ਜੂਨ 2023 – ਕੇਂਦਰ ਸਰਕਾਰ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨਾਲ ਇਕ ਵਾਰ ਫਿਰ ਗੱਲਬਾਤ ਕਰਨ ਲਈ ਤਿਆਰ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਦੇਰ ਰਾਤ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਵਾਨਾਂ ਨਾਲ ਉਨ੍ਹਾਂ ਦੇ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਉਤਸੁਕ ਹੈ। ਮੈਂ ਉਨ੍ਹਾਂ ਨੂੰ ਇੱਕ ਵਾਰ ਫਿਰ ਗੱਲਬਾਤ ਲਈ ਬੁਲਾਇਆ ਹੈ।
ਇਸ ਤੋਂ ਪਹਿਲਾਂ ਪਹਿਲਵਾਨਾਂ ਨੇ 4 ਜੂਨ ਦੀ ਰਾਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਪਹਿਲਵਾਨਾਂ ਵਿਚਾਲੇ ਛੇ ਮਹੀਨੇ ਪਹਿਲਾਂ 24 ਜਨਵਰੀ ਨੂੰ ਪਹਿਲੀ ਗੱਲਬਾਤ ਹੋਈ ਸੀ। ਜਿਸ ਤੋਂ ਬਾਅਦ ਉਸ ਵੇਲੇ ਪਹਿਲਵਾਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਸੀ।
ਦੂਜੇ ਪਾਸੇ ਮੰਗਲਵਾਰ ਨੂੰ ਦਿੱਲੀ ਪੁਲਿਸ ਬ੍ਰਿਜ ਭੂਸ਼ਣ ਸਿੰਘ ਦੇ ਲਖਨਊ ਅਤੇ ਗੋਂਡਾ ਸਥਿਤ ਰਿਹਾਇਸ਼ਾਂ ‘ਤੇ ਪਹੁੰਚੀ। ਪੁਲਿਸ ਨੇ ਬ੍ਰਿਜ ਭੂਸ਼ਣ ਦੇ 15 ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਇਨ੍ਹਾਂ ਵਿੱਚ ਡਰਾਈਵਰ, ਸੁਰੱਖਿਆ ਕਰਮਚਾਰੀ, ਮਾਲੀ ਅਤੇ ਨੌਕਰ ਸ਼ਾਮਲ ਸਨ।
ਉੱਥੇ ਹੀ ਪਹਿਲਵਾਨਾਂ ਦੀ ਕੋਸ਼ਿਸ਼ ਹੈ ਕਿ ਨਾ ਸਿਰਫ਼ ਹਰਿਆਣਾ-ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਖਾਪ ਇੱਕ ਮੰਚ ‘ਤੇ ਇਕੱਠੇ ਹੋਣ, ਸਗੋਂ ਕਿਸਾਨ ਜਥੇਬੰਦੀਆਂ ਵੀ ਇੱਕਮੁੱਠ ਹੋਣ। ਇਸੇ ਕੜੀ ‘ਚ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਬਾਅਦ ਅਗਲੇ ਹਫਤੇ ਰਾਜਸਥਾਨ ‘ਚ ਵੀ ਮਹਾਪੰਚਾਇਤ ਹੋ ਰਹੀ ਹੈ।
ਇਹ ਕਵਾਇਦ ਇਸ ਲਈ ਹੈ ਕਿ ਜਦੋਂ ਖਾਪ ਪੰਚਾਇਤ ਬੁਲਾਉਂਦੀ ਹੈ ਤਾਂ ਹਰ ਕੋਈ ਨਾ ਸਿਰਫ਼ ਆਪਣੀ ਗੱਲ ਪੂਰੇ ਜ਼ੋਰ ਨਾਲ ਪੇਸ਼ ਕਰਦਾ ਹੈ, ਸਗੋਂ ਅਜਿਹਾ ਫ਼ੈਸਲਾ ਵੀ ਲੈ ਲੈਂਦਾ ਹੈ, ਜਿਸ ਦਾ ਅਸਰ ਸਰਕਾਰ ‘ਤੇ ਵੀ ਦੇਖਿਆ ਜਾ ਸਕਦਾ ਹੈ। ਸਾਰੇ ਪਹਿਲਵਾਨ ਵੱਖ-ਵੱਖ ਸੰਗਠਨਾਂ ਨਾਲ ਗੱਲਬਾਤ ਕਰ ਰਹੇ ਹਨ।
ਪਹਿਲਵਾਨ ਸਰਕਾਰ ਦੇ ਨਜ਼ਦੀਕੀਆਂ ਤੋਂ ਵੀ ਇਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਪਹਿਲਵਾਨਾਂ ਨੇ ਕੇਂਦਰੀ ਮੰਤਰੀ ਸੰਜੀਵ ਬਾਲਿਆਣ ਅਤੇ ਇੱਥੋਂ ਤੱਕ ਕਿ ਹਰਿਆਣਾ ਭਾਜਪਾ ਦੇ ਇੱਕ ਆਗੂ ਨਾਲ ਵੀ ਗੱਲਬਾਤ ਕੀਤੀ ਹੈ, ਪਰ ਦੱਸਿਆ ਗਿਆ ਹੈ ਕਿ ਪਹਿਲਵਾਨਾਂ ਦੀ ਇੱਛਾ ਅਨੁਸਾਰ ਕਾਰਵਾਈ ਅਜੇ ਤੱਕ ਨਹੀਂ ਹੋਈ। ਦਿੱਲੀ ਪੁਲਿਸ 27 ਜੂਨ ਨੂੰ ਅਦਾਲਤ ਵਿੱਚ ਅੰਤਰਿਮ ਰਿਪੋਰਟ ਦਾਖ਼ਲ ਕਰੇਗੀ।