- ਸਿੱਖ ਧਰਮ ‘ਚ ਮੂਰਤੀ ਪੂਜਾ ਦੀ ਹੈ ਮਨਾਹੀ
- ਹਰਸਿਮਰਤ ਬਾਦਲ ਨੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ, 7 ਜੂਨ 2023 – ਬਿਹਾਰ ਦੀ ਰਾਜਧਾਨੀ ਪਟਨਾ ਦੇ ਲੋਦੀਪੁਰ ਸਥਿਤ ਇਕ ਮਾਲ ਦੇ ਵੈਕਸ ਮਿਊਜ਼ੀਅਮ ‘ਚ ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੋਮ ਦਾ ਬੁੱਤ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਤਿੱਖੇ ਵਿਰੋਧ ਤੋਂ ਬਾਅਦ ਇਹ ਬੁੱਤ ਹਟਾ ਵੀ ਦਿੱਤਾ ਗਿਆ ਹੈ।
ਇੰਟਰਨੈੱਟ ਮੀਡੀਆ ਰਾਹੀਂ ਜਿਵੇਂ ਹੀ ਇਸ ਬਾਰੇ ਪਤਾ ਲੱਗਿਆ ਤਾਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਇੱਕ ਵਫ਼ਦ ਭੇਜਿਆ। ਵਫਦ ਨੇ ਪੂਰੇ ਘਟਨਾਕ੍ਰਮ ਬਾਰੇ ਮਾਲ ਦੇ ਮੈਨੇਜਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ। ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲ ਕਾਰਨ ਮਾਲ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੋਮ ਦਾ ਬੁੱਤ ਹਟਾਇਆ ਦਿੱਤਾ ਗਿਆ ਹੈ।
ਉਥੇ ਹੀ ਦੂਜੇ ਪਾਸੇ, ਅਕਾਲੀ ਦਲ ਦੀ ਐਮ.ਪੀ. ਹਰਸਿਮਰਤ ਕੌਰ ਬਾਦਲ ਵਲੋਂ ਟਵੀਟ ਕਰਕੇ ਲਿਖਿਆ ਹੈ ਕਿ, “ਮਹਾਨ ਗੁਰੂ ਸਾਹਿਬਾਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ, ਪਰਮ ਸ਼ਕਤੀ ਦੇ ਨਿਰਾਕਾਰ ਸਰੂਪ ਉੱਤੇ ਜ਼ੋਰ ਦਿੰਦੇ ਹਨ। ਇਸੇ ਲਈ ਸਿੱਖ ਮਰਿਯਾਦਾ ਮੂਰਤੀ ਪੂਜਾ ਤੋਂ ਵਰਜਦੀ ਹੈ। ਪਟਨਾ ਵਿੱਚ ਅਡਾਨੀ ਦੀ ਮਾਲਕੀ ਵਾਲੀ ਕੰਪਨੀ ਅੰਬੂਜਾ ਮਾਲ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਤ ਕਰਨਾ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਹੈ। ਇਸ ਲਈ ਜ਼ਿੰਮੇਵਾਰ ਸਿੱਖ ਕੌਮ ਤੋਂ ਮੁਆਫੀ ਮੰਗਣ। ਸਰਕਾਰ ਨੂੰ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ।”