ਅਕਾਲੀ ਦਲ ਨੇ PU ਵੱਲੋਂ RSS ਨਾਲ ਜੁੜੇ RFRF ਨਾਲ ਸਿੰਡੀਕੇਟ ਰਾਹੀਂ ਧੱਕੇ ਨਾਲ MOU ’ਤੇ ਹਸਤਾਖ਼ਰ ਕਰਨ ਦੀ ਕੀਤੀ ਨਿਖੇਧੀ

  • ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਪਾਰਟੀ ਐਮ ਓ ਯੂ ਦਾ ਵਿਰੋਧ ਕਰੇਗੀ, ਸੈਨੇਟ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਆਰ ਐਸ ਐਸ ਹਵਾਲੇ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਨਾ ਦੇਣ

ਚੰਡੀਗੜ੍ਹ, 7 ਜੂਨ 2023 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਸਵੈਮ ਸੇਵਕ ਸਿੰਘ (ਆਰ ਐਸ ਐਸ) ਨਾਲ ਜੁੜੇ ਰਿਸਰਚ ਫਾਰ ਰਿਸਰਚਜੈਂਟ ਫਾਉਂਡੇਸ਼ਨ (ਆਰ ਐਫ ਆਰ ਐਫ) ਨਾਲ ਐਮ ਓ ਯੂ ’ਤੇ ਹਸਤਾਖ਼ਰ ਕਰਨ ਦੀ ਨਿਖੇਧੀ ਕੀਤੀ ਅਤੇ ਜ਼ੋਰਦੇ ਕੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਅਸਿੱਧੇ ਤੌਰ ’ਤੇ ਆਰ ਐਸ ਐਸ ਹਵਾਲੇ ਕੀਤੀ ਜਾ ਰਹੀ ਹੈ। ਪਾਰਟੀ ਨੇ ਐਲਾਨ ਕੀਤਾ ਕਿ ਉਹ ਇਸ ਤਜਵੀਜ਼ ਨੂੰ ਸੈਨੇਟ ਵਿਚ ਪੇਸ਼ ਕਰਨ ਵੇਲੇ ਸਮੇਤ ਇਸ ਐਮ ਓ ਯੂ ਦਾ ਜ਼ੋਰਦਾਰ ਵਿਰੋਧ ਕਰੇਗੀ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਆਰ ਐਸ ਐਸ ਸਾਡੇ ਵਿਦਿਅਕ ਅਦਾਰਿਆਂ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਇਸ ਕਾਰਵਾਈ ਵਿਚ ਇਕ ਯੰਤਰ ਵਜੋਂ ਉਸਨੂੰ ਸਹਿਯੋਗ ਦੇ ਰਹੇ ਹਨ।
ਉਹਨਾਂ ਦੱਸਿਆ ਕਿ ਕਿਵੇਂ ਵਾਈਸ ਚਾਂਸਲਰ ਨੇ 21 ਮਾਰਚ ਨੂੰ ਇਕ ਕਮੇਟੀ ਦਾ ਗਠਨ ਕੀਤਾ ਤਾਂ ਜੋ ਆਰ ਐਸ ਐਸ ਨਾਲ ਜੁੜੇ ਭਾਰਤੀ ਸਿਕਸ਼ਣ ਮੰਡਲ ਵੱਲੋਂ ਸਥਾਪਿਤ ਆਰ ਐਫ ਆਰ ਐਫ ਨਾਲ ਐਮ ਓ ਯੂ ’ਤੇ ਹਸਤਾਖ਼ਰ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇਸ ਕਮੇਟੀ ਨੇ ਇਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਹ ਤਜਵੀਜ਼ 23 ਅਪ੍ਰੈਲ ਨੂੰ ਸਿੰਡੀਕੇਟ ਅੱਗੇ ਪੇਸ਼ ਕੀਤੀ ਗਈ ਜਿਸਨੇ ਇਤਰਾਜ਼ਾਂ ਕਾਰਨ ਇਸਨੂੰ ਮਨਜ਼ੂਰੀ ਨਹੀਂ ਦਿੱਤੀ ਪਰ ਅਖੀਰ 27 ਮਈ ਨੂੰ ਮਨਜ਼ੂਰੀ ਦੇ ਦਿੱਤੀ।

ਸਿੰਡੀਕੇਟ ਮੀਟਿੰਗ ਵਿਚ ਵਿਰੋਧ ਦੇ ਬਾਵਜੂਦ ਐਮ ਓ ਯੂ ਪਾਸ ਕਰਨ ਸਬੰਧੀ ਕਾਰਵਾਈ ਦੇ ਵੇਰਵੇ ਪੜ੍ਹ ਕੇ ਸੁਣਾਉਂਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ‌ਅਜਿਹਾ ਜਾਪਦਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਆਰ ਐਫ ਆਰ ਐਫ ਦੇ ਹਵਾਲੇ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਐਮ ਓ ਯੂ ਮੁਤਾਬਕ ਪੰਜਾਬ ਯੂਨੀਵਰਸਿਟੀ ਲਈ ਆਰ ਐਫ ਆਰ ਐਫ ਦੀਆਂ ਗਤੀਵਿਧੀਆਂ ਦਾ ਪ੍ਰਚਾਰ ਕਰਨਾ ਅਤੇ ਇਸ ਸੰਸਥਾ ਬਾਰੇ ਜਾਗਰੂਕਤਾਪੈਦਾ ਕਰਨਾ, ਇਸਨੂੰ ਬੁਨਿਆਦੀ ਢਾਂਚਾ ਤੇ ਅਕਾਦਮਿਕ ਮਦਦ ਦੇਣਾ, ਫੈਕਲਟੀ ਤੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨਾ ਅਤੇ ਆਰ ਐਫ ਆਰ ਐਫ ਨੂੰ ਡਾਕਟਰੇਟ ਥੀਸਸ ਸਮੇਤ ਡਿਗਰੀਆਂ ਦੇਣ ਲਈ ਮਾਨਤਾ ਦੇਣਾ ਲਾਜ਼ਮੀ ਹੋਵੇਗਾ।

ਰੋਮਾਣਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਜਿਸਦੀ ਪਹੁੰਚ ਧਰਮ ਨਿਰਪੱਖ ਸੀ, ਨੇ ਆਰ ਐਸ ਐਸ ਨਾਲ ਜੁੜੇ ਸੰਗਠਨ ਨਾਲ ਐਮ ਓ ਯੂ ’ਤੇ ਹਸਤਾਖ਼ਰ ਕਰ ਲਏ ਹਾਲਾਂਕਿ ਅਸਲੀਅਤ ਇਹ ਸੀ ਕਿ ਫਾਉਂਡੇਸ਼ਨ ਨਾ ਤਾਂ ਕਾਲਜ ਹੈ, ਨਾ ਡੀਮਡ ਯੂਨੀਵਰਸਿਟੀ ਜਾਂ ਯੂਨੀਵਰਸਿਟੀ। ਉਹਨਾਂ ਕਿਹਾ ਕਿ ਜੇਕਰ ਪੰਜਾਬ ਯੂਨੀਵਰਸਿਟੀ ਨੇ ਅਜਿਹੇ ਐਮ ਓ ਯੂ ਨੂੰ ਮਾਨਤਾ ਦੇਣੀ ਹੈ ਤਾਂ ਫਿਰ ਇਸਦੀ ਥਾਂ ਯੂਨੀਵਰਸਿਟੀ ਨੂੰ ਸ਼ਾਖ਼ਾ ਵਿਚ ਬਦਲ ਦੇਣਾ ਚਾਹੀਦਾ ਹੈ ਅਤੇ ਡਿਗਰੀਆਂ ਦੇਣ ਦੇ ਅਧਿਕਾਰ ਸਿੱਧਾ ਆਰ ਐਸ ਐਸ ਹਵਾਲੇ ਕਰ ਦੇਣੇ ਚਾਹੀਦੇ ਹਨ ਨਾ ਕਿ ਇਸ ਤਰੀਕੇ ਅਸਿੱਧਾ ਰਸਤਾ ਅਪਣਾਉਣਾ ਚਾਹੀਦਾ ਹੈ। ਉਹਨਾਂ ਨੇ ਪੰਜਾਬ ਸਰਕਾਰ ਦੇ ਪ੍ਰਤੀਨਿਧ ਡਾਇਰੈਕਟਰ ਉੱਚੇਰੀ ਸਿੱਖਿਆ ਵੱਲੋਂ ਸਿੰਡੀਕੇਟ ਦੀ ਮੀਟਿੰਗ ਵਿਚ ਇਸ ’ਤੇ ਇਤਰਾਜ਼ ਨਾ ਕਰਨ ਦੀ ਵੀ ਨਿਖੇਧੀ ਕੀਤੀ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਸ ਐਮ ਓ ਯੂ ਦਾ ਜ਼ੋਰਦਾਰ ਵਿਰੋਧ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਨੂੰ ਸਰਵਉਚ ਪੱਧਰ ’ਤੇ ਚੁੱਕਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਤਜਵੀਜ਼ ਨੂੰ ਸੈਨੇਟ ਵਿਚ ਪੇਸ਼ ਕਰਨ ਤੋਂ ਪਹਿਲਾਂ ਪਹਿਲਾਂ ਸੈਨੇਟ ਮੈਂਬਰਾਂ ਤੱਕ ਵੀ ਪਹੁੰਚ ਕਰੇਗਾ। ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਤਜਵੀਜ਼ ਦਾ ਵਿਰੋਧ ਕਰੇ ਅਤੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਪੰਜਾਬ ਦੇ ਦੋ ਵਿਧਾਇਕ ਸਿੰਡੀਕੇਟ ਦੇ ਮੈਂਬਰ ਹੁੰਦੇ ਹਨ।

ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਪੰਜਾਬ ਯੂਨੀਵਰਸਿਟੀ ਦੀ ਅਲੂਮਨੀ ਐਸੋਸੀਏਸ਼ਨ ਨੂੰ ਵੀ ਅਪੀਲ ਕੀਤੀ ਕਿ ਇਸ ਐਮ ਓ ਯੂ ਦਾ ਵਿਰੋਧ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਸੈਨੇਟ ਵਿਚ ਪਾਸ ਨਾ ਹੋਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ ਇਕ ਸਾਲ ’ਚ ਸੂਬੇ ਦੇ 29 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਦਿੱਤਾ ਰੋਜ਼ਗਾਰ: ਬ੍ਰਮ ਸ਼ੰਕਰ ਜਿੰਪਾ

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਭਰਨ ਸਬੰਧੀ ਅਰਜ਼ੀਆਂ ਦੀ ਮੰਗ, ਆਖਰੀ ਮਿਤੀ 21 ਜੂਨ