- ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਭੇਜੇ
ਅੰਮ੍ਰਿਤਸਰ, 8 ਜੂਨ 2023 – ਅੰਮ੍ਰਿਤਸਰ ‘ਚ ਕਾਊਂਟਰ ਇੰਟੈਲੀਜੈਂਸ (ਸੀ.ਆਈ.ਏ.) ਪੁਲਸ ਨੇ ਨਸ਼ੇ ਦੇ ਦੋ ਵੱਡੇ ਤਸਕਰਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਵੇਂ ਤਸਕਰ ਤਰਨਤਾਰਨ ਦੇ ਵਸਨੀਕ ਹਨ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਹੈਰੋਇਨ ਸਪਲਾਈ ਕਰਦੇ ਸਨ। ਪੁਲਿਸ ਨੇ ਦੋਵਾਂ ਕੋਲੋਂ ਕਰੀਬ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਏਡੀਸੀਪੀ ਸਿਟੀ-2 ਅਭਿਮਨਿਊ ਰਾਣਾ ਅਤੇ ਏਸੀਪੀ ਡਿਟੈਕਟਿਵ ਗੁਰਿੰਦਰਪਾਲ ਸਿੰਘ ਨਾਗਰਾ ਦੀ ਟੀਮ ਨੂੰ ਤਸਕਰਾਂ ਬਾਰੇ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਸ ਨੇ ਜਾਲ ਵਿਛਾ ਕੇ ਦੋਵਾਂ ਨੂੰ ਛੇਹਰਟਾ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ। ਦੋਵੇਂ ਸਵਿਫਟ ਕਾਰ ਪੀਬੀ46-ਪੀ-8383 ਵਿੱਚ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ। ਪੁਲਿਸ ਨੇ ਤਲਾਸ਼ੀ ਦੌਰਾਨ 1.750 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਫੜੇ ਗਏ ਤਸਕਰਾਂ ਦੀ ਪਛਾਣ ਤਰਨਤਾਰਨ ਦੇ ਮੁਰਾਦਪੁਰਾ ਇਲਾਕੇ ਦੇ ਰਹਿਣ ਵਾਲੇ ਹੀਰਾ ਸਿੰਘ ਅਤੇ ਨਿਸ਼ਾਨ ਸਿੰਘ ਵਾਸੀ ਕੋਟ ਧਰਮ ਚੰਦ ਥਾਣਾ ਝਬਾਲ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੇਪ ਸਰਹੱਦ ਪਾਰ ਤੋਂ ਵੀ ਆਈ ਹੈ। ਦੋਵਾਂ ਦੇ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਕੜੀ ਦਾ ਪਤਾ ਲੱਗ ਸਕੇ। ਫਿਲਹਾਲ ਦੋਵਾਂ ਨੂੰ ਅਦਾਲਤ ‘ਚ ਪੇਸ਼ ਕਰਕੇ 4 ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ।
ਪੁਲਿਸ ਦੋਵਾਂ ਤੋਂ ਇਨ੍ਹਾਂ ਦੇ ਅੱਗੇ ਅਤੇ ਪਿੱਛੇ ਸਬੰਧਾਂ ਦੀ ਜਾਣਕਾਰੀ ਲੈ ਰਹੀ ਹੈ। ਪੁਲਿਸ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ ਕਿ ਹੈਰੋਇਨ ਕਿੱਥੋਂ ਸਪਲਾਈ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਇਨ੍ਹਾਂ ਦੋਵਾਂ ਤਸਕਰਾਂ ਨਾਲ ਕਿਸ-ਕਿਸ ਦਾ ਸਬੰਧ ਹੈ, ਇਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।