ਚੰਡੀਗੜ੍ਹ, 10 ਜੂਨ 2023 – ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ 10 ਜੂਨ ਨੂੰ ਮਾਨਸਾ ਵਿਖੇ ਹੋਣ ਜਾ ਰਹੀ ਹੈ। ਇਸ ਦਾ ਐਲਾਨ ਖੁਦ ਸੀਐਮ ਭਗਵੰਤ ਮਾਨ ਦੇ ਵਲੋਂ ਆਪਣੇ ਟਵਿੱਟਰ ਹੈਂਡਲ ਤੇ ਕੀਤਾ ਗਿਆ ਸੀ। ਮਾਨ ਨੇ ਆਪਣੇ ਟਵੀਟ ਵਿਚ ਲਿਖਿਆ ਸੀ ਕਿ, “ਵਾਅਦੇ ਮੁਤਾਬਿਕ ਸਰਕਾਰ ਤੁਹਾਡੇ ਦੁਆਰ ਲੜੀ ਤਹਿਤ ਇਸ ਵਾਰ ਕੈਬਨਿਟ ਮੀਟਿੰਗ ਮਾਨਸਾ ਵਿਖੇ ਹੋਵੇਗੀ।”
ਸੀਐਮ ਮਾਨ ਨੇ ਅੱਗੇ ਲਿਖਿਆ ਕਿ, ਇਸ ਕੈਬਨਿਟ ਮੀਟਿੰਗ ਵਿਚ ਕਈ ਅਹਿਮ ਫ਼ੈਸਲਿਆਂ ਤੇ ਮੋਹਰ ਲੱਗੇਗੀ ਅਤੇ ਕਈ ਫ਼ੈਸਲਿਆਂ ਤੇ ਵਿਚਾਰ ਚਰਚਾ ਹੋਵੇਗੀ। ਦੱਸ ਦਈਏ ਕਿ, ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਵਿਚ ਸਰਕਾਰ ਕੱਚੇ ਮੁਲਾਜ਼ਮਾਂ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਅਹਿਮ ਫ਼ੈਸਲੇ ਲੈ ਚੁੱਕੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਕੈਬਨਿਟ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਵੀ ਤੋਹਫ਼ਾ ਮਿਲ ਸਕਦਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ’ਚ ਸੂਬੇ ਦੇ ਵੱਖ-ਵੱਖ ਵਿਭਾਗਾਂ ’ਚ ਤਾਇਨਾਤ ਕੱਚੇ ਕਾਮਿਆਂ ਨਾਲ ਮੀਟਿੰਗਾਂ ਕੀਤੀਆਂ ਸਨ।
ਇਨ੍ਹਾਂ ਮੀਟਿੰਗਾਂ ਤੋਂ ਬਾਅਦ ਲਏ ਗਏ ਫੈਸਲਿਆਂ ਬਾਰੇ ਮੰਤਰੀ ਮੰਡਲ ਦੀ ਮੀਟਿੰਗ ’ਚ ਵਿਚਾਰ-ਚਰਚਾ ਕੀਤੀ ਜਾਵੇਗੀ, ਜਿਸ ਤੋਂ ਬਾਅਦ ਆਖਰੀ ਫ਼ੈਸਲੇ ’ਤੇ ਮੋਹਰ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਤਨਖਾਹਾਂ ਬਾਰੇ ਵੀ ਵੱਡਾ ਫੈਸਲਾ ਹੋ ਸਕਦਾ ਹੈ। ਹਾਲਾਂਕਿ ਸੂਬਾ ਸਰਕਾਰ ਨੇ ਮੀਟਿੰਗ ਬਾਰੇ ਕੋਈ ਏਜੰਡਾ ਜਾਰੀ ਨਹੀਂ ਕੀਤਾ ਹੈ।