- ਅੰਡੇਮਾਨ ਦੀ ਸੈਲੂਲਰ ਜੇਲ੍ਹ ’ਚ ਪੰਜਾਬੀਆਂ ਦੀ ਕੁਰਬਾਨੀ ਨੂੰ ਬਣਦਾ ਸਥਾਨ ਦਿਵਾਉਣ ਲਈ ਭਾਰਤ ਸਰਕਾਰ ਪਾਸ ਕੀਤੀ ਜਾਵਗੀ ਪਹੁੰਚ -ਐਡਵੋਕੇਟ ਧਾਮੀ
- ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਕਾਲਾਪਾਣੀ: ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦਾ ਯੋਗਦਾਨ’ ਜਾਰੀ
ਚੰਡੀਗੜ੍ਹ, 10 ਜੂਨ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਚੰਡੀਗੜ੍ਹ ਦੇ ਸੈਕਟਰ 26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਹਰੀ ਸਿੰਘ ਨਲਵਾ ਆਡੀਟੋਰੀਅਮ ਵਿਖੇ ਕਰਵਾਏ ਸਮਾਗਮ ਦੌਰਾਨ ‘ਕਾਲਾਪਾਣੀ: ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦਾ ਯੋਗਦਾਨ’ ਸਿਰਲੇਖ ਵਾਲੀ ਪੁਸਤਕ ਜਾਰੀ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਪੱਤਰਕਾਰ ਤੇ ਇਤਿਹਾਸਕਾਰ ਜਗਤਾਰ ਸਿੰਘ ਅਤੇ ਖੋਜਕਾਰ ਸ. ਗੁਰਦਰਸ਼ਨ ਸਿੰਘ ਬਾਹੀਆ ਨੇ ਲਿਖਿਆ ਹੈ।
ਪੁਸਤਕ ਲੋਕਅਰਪਣ ਕਰਨ ਤੋਂ ਪਹਿਲਾਂ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਡਾ. ਪਰਮਵੀਰ ਸਿੰਘ, ਡਾ. ਮਦਨਜੀਤ ਕੌਰ ਸਹੋਤਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਪੁਸਤਕ ਆਜ਼ਾਦੀ ਸੰਗਰਾਮ ਦੇ ਪ੍ਰਚਲਿਤ ਬਿਰਤਾਂਤ ਦੀ ਥਾਂ ਸ਼ੁੱਧ ਅਤੇ ਸਹੀ ਜਾਣਕਾਰੀ ਨੂੰ ਪ੍ਰਸਤੁਤ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਸੰਗਰਾਮ ਦੌਰਾਨ ਅੰਡੇਮਾਨ ਵਿੱਚ ਬੰਦ ਪੰਜਾਬੀਆਂ ਨੇ ਭਾਰੀ ਤਸ਼ੱਦਦ ਝੱਲਿਆ, ਜਿਸ ਨੂੰ ਹੁਣ ਤੱਕ ਅਣਗੌਲਿਆ ਗਿਆ ਹੈ। ਮੌਕੇ ਦੀਆਂ ਹਕੂਮਤਾਂ ਸਿੱਖਾਂ ਤੇ ਪੰਜਾਬੀਆਂ ਦੇ ਮੁਲਵਾਨ ਇਤਿਹਾਸ ਨੂੰ ਵਿਗਾੜਨ ਅਤੇ ਰਲਗਡ ਕਰਨ ਦੇ ਯਤਨ ਵਿਚ ਹਨ। ਸੈਲੂਲਰ ਜੇਲ੍ਹ ਦੀ ਸੂਚੀ ਵਿਚੋਂ ਸਿੱਖਾਂ ਦੇ ਨਾਵਾਂ ਨੂੰ ਅਣਗੌਲਾ ਕਰਨਾ ਵੀ ਇਕ ਕੋਝੀ ਸਾਜ਼ਿਸ਼ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪੁਸਤਕ ਸਿੱਖਾਂ ਦੇ ਅਜ਼ਾਦੀ ’ਚ ਪਾਏ ਯੋਗਦਾਨ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਦਾ ਜਰੀਆ ਬਣੇਗੀ, ਇਸ ਲਈ ਇਸ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਵੀ ਛਾਪਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਭਰੋਸਾ ਦਵਾਇਆ ਕਿ ਇਸ ਪੁਸਤਕ ਵਿਚ ਦਰਜ ਕਾਲੇਪਾਣੀ ਵਿਖੇ ਕੁਰਬਾਨੀ ਕਰਨ ਵਾਲੇ ਪੰਜਾਬੀਆਂ ਨੂੰ ਕੌਮੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ ਪਾਸ ਵਫ਼ਦ ਲੈ ਕੇ ਪਹੁੰਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਾ. ਦੀਵਾਨ ਸਿੰਘ ਕਾਲੇਪਾਣੀ, ਮਾਸਟਰ ਚਤਰ ਸਿੰਘ ਅਤੇ ਸ. ਸੋਹਣ ਸਿੰਘ ਭਕਨਾ ਦੇ ਨਾਂ ’ਤੇ ਅੰਡੇਮਾਨ ਵਿਖੇ ਯਾਦਗਾਰਾਂ ਸਥਾਪਤ ਕਰਵਾਉਣ ਲਈ ਵੀ ਚਾਰਾਜੋਈ ਕੀਤੀ ਜਾਵੇਗੀ। ਉਨ੍ਹਾਂ ਪੁਸਤਕ ਦੇ ਲੇਖਕ ਸ. ਜਗਤਾਰ ਸਿੰਘ ਅਤੇ ਸ. ਗੁਰਦਰਸ਼ਨ ਸਿੰਘ ਬਾਹੀਆ ਨੂੰ ਇਹ ਖੋਜ ਕਾਰਜ ਸਫਲਤਾਪੂਰਵਕ ਨੇਪੜੇ ਚਾੜਨ ਲਈ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਜ਼ਾਦੀ ਸੰਘਰਸ਼ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ, ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੂੰ ਬਣਦਾ ਮਾਣ ਨਹੀਂ ਦਿੱਤਾ ਗਿਆ। ਅਜਿਹਾ ਹੀ ਵਿਤਕਰਾ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਵਿਚ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਐਮਪੀ ਸਨ ਤਾਂ ਉਨ੍ਹਾਂ ਨੇ ਇਹ ਮਾਮਲਾ ਸੰਸਦ ਦੀ ਸਟੈਂਡਿੰਗ ਕਮੇਟੀ ਪਾਸ ਉਠਾਇਆ ਸੀ, ਜਿਸ ’ਤੇ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਸਬੰਧੀ ਸਹੀ ਤੱਥ ਦਿੱਤੇ ਜਾਣ, ਤਾਂ ਜੋ ਲੋੜੀਂਦੀ ਸੋਧ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਹ ਖੋਜ ਕਾਰਜ ਮੁਕੰਮਲ ਹੋ ਗਿਆ ਹੈ ਤਾਂ ਇਸ ਪੁਸਤਕ ਰੂਪੀ ਦਸਤਾਵੇਜ ਨੂੰ ਸਰਕਾਰ ਪਾਸ ਲੈਜਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ 235 ਨਾਵਾਂ ਦੀ ਖੋਜ ਕੀਤੀ ਗਈ ਹੈ ਤੇ ਇਸ ਖੋਜ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੱਜ ਦੇ ਰਾਜਨੀਤਕ ਹਾਲਾਤਾਂ ਵਿਚ ਸੱਚ ਲਿਖਣਾ ਵੱਡੀ ਦਲੇਰੀ ਹੈ, ਜਿਸ ਲਈ ਕਿਤਾਬ ਦੇ ਦੋਵੇਂ ਲੇਖਕ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਪੰਜਾਬੀਆਂ ਲਈ ਅਤਿ ਅਹਿਮ ਸੀ, ਜਿਸ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ ’ਤੇ ਕਾਰਜ ਨੂੰ ਆਰੰਭਿਆ ਗਿਆ ਸੀ, ਜੋ ਸਫਲ ਹੋਇਆ ਹੈ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਪੁਸਕਤ ਦੇ ਲਿਖਾਰੀਆਂ ਸ. ਜਗਤਾਰ ਸਿੰਘ ਤੇ ਸ. ਗੁਰਦਰਸ਼ਨ ਸਿੰਘ ਬਾਹੀਆ ਨੇ ਪੁਸਤਕ ਦੇ ਵੱਖ-ਵੱਖ ਪੱਖਾਂ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਸ਼੍ਰੋਮਣੀ ਕਮੇਟੀ ਦਾ ਇਸ ਅਹਿਮ ਕਾਰਜ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪੁਸਤਕ ਦੇ ਲੇਖਕਾਂ ਅਤੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਚਰਨਜੀਤ ਸਿੰਘ ਕਾਲੇਵਾਲ, ਬੀਬੀ ਕੁਲਦੀਪ ਸਿੰਘ ਟੌਹੜਾ, ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ. ਗੁਰਦੇਵ ਸਿੰਘ ਬਰਾੜ, ਜਨਰਲ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ, ਸਾਬਕਾ ਮੰਤਰੀ ਸ. ਤ੍ਰਿਪਤਰਜਿੰਦਰ ਸਿੰਘ ਬਾਜਵਾ, ਬੀਬੀ ਗੁਰਦਰਸ਼ਨ ਕੌਰ, ਡਾ. ਪ੍ਰਿਤਪਾਲ ਸਿੰਘ ਵੀਸੀ, ਸਕੱਤਰ ਵਿਦਿਆ ਸ. ਸੁਖਮਿੰਦਰ ਸਿੰਘ, ਵਧੀਕ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਮੀਤ ਸਕੱਤਰ ਸ. ਲਖਵੀਰ ਸਿੰਘ, ਮੈਨੇਜਰ ਸ. ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਤਲਵਿੰਦਰ ਸਿੰਘ ਬੁੱਟਰ, ਡਾ. ਗੁਰਤੇਜ ਸਿੰਘ, ਡਾ. ਰਮਨਦੀਪ ਕੌਰ, ਡਾ. ਕਰਮਬੀਰ ਸਿੰਘ ਆਦਿ ਹਾਜ਼ਰ ਸਨ।
ਪੁਸਤਕ ਬਾਰੇ ਵਧੇਰੀ ਜਾਣਕਾਰੀ
ਇਹ ਪੁਸਤਕ ਆਜ਼ਾਦੀ ਸੰਗਰਾਮ ਦੇ ਪ੍ਰਚਲਿਤ ਬਿਰਤਾਂਤ ਦਾ ਮੁਕਾਬਲਾ ਕਰਦੀ ਹੈ ਅਤੇ ਕਾਲਾਪਾਣੀ (ਸੈਲੂਲਰ ਜੇਲ੍ਹ) ਵਿਖੇ ਸਜ਼ਾ ਭੁਗਤਣ ਵਾਲੇ ਪੰਜਾਬੀ ਆਜ਼ਾਦੀ ਘੁਲਾਟੀਆਂ ਦੀ ਪਹਿਲੀ ਵਿਆਪਕ ਸੂਚੀ ਨੂੰ ਦਰਜ ਕਰਨ ਦੇ ਨਾਲ-ਨਾਲ ਪੰਜਾਬੀਆਂ ਦੀ ਭੂਮਿਕਾ ਨੂੰ ਮਾਨਤਾ ਦੇਣ ਦੀ ਮੰਗ ਕਰਦੀ ਹੈ। ਅੰਡੇਮਾਨ ਵਿੱਚ ਬੰਦ ਇਨ੍ਹਾਂ ਪੰਜਾਬੀਆਂ ਨੇ ਭਾਰੀ ਤਸ਼ੱਦਦ ਝੱਲਿਆ, ਜੋ Living Hell ਵਜੋਂ ਜਾਣਿਆ ਜਾਂਦਾ ਹੈ।
ਸੈਲੂਲਰ ਜੇਲ੍ਹ ਵਿੱਚ ਬੰਦ ਪੰਜਾਬੀ ਰਾਜਸੀ ਕੈਦੀਆਂ ਦੀ ਗਿਣਤੀ ਇਕ ਸਮੇਂ ਸਭ ਤੋਂ ਵੱਧ ਸੀ ਅਤੇ ਗ਼ਦਰ ਪਾਰਟੀ ਨਾਲ ਜੁੜੇ ਇਨ੍ਹਾਂ ਬਾਬਿਆਂ ਨੇ ਜ਼ੋਰਦਾਰ ਸੰਘਰਸ਼ ਕਰਕੇ ਇਸ ਜੇਲ੍ਹ ਵਿੱਚੋਂ ਸਖ਼ਤ ਮੁਸ਼ੱਕਤਾਂ ਅਤੇ ਤਕਲੀਫ਼ਦੇਹ ਸਜ਼ਾਵਾਂ ਖਤਮ ਕਰਵਾਈਆਂ, ਜਿਨ੍ਹਾਂ ਲਈ ਇਹ ਜੇਲ੍ਹ ਬਹੁਤ ਬਦਨਾਮ ਸੀ। ਬਾਬਾ ਚਤਰ ਸਿੰਘ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਆਪਣੀ ਜੇਲ੍ਹ ਕੋਠੜੀ ਵਿੱਚ ਪਿੰਜਰੇ ਵਿੱਚ ਬੰਦ ਰੱਖੇ ਗਏ ਅਤੇ ਇਸ ਜੇਲ੍ਹ ਦੇ ਸੰਘਰਸ਼ ਵਿੱਚ ਕਈ ਆਜ਼ਾਦੀ ਘੁਲਾਟੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ।
ਸੰਨ 1857 ਦੇ ਸਿਪਾਹੀ ਵਿਦਰੋਹ ਨੂੰ ਆਜ਼ਾਦੀ ਦੀ ਪਹਿਲੀ ਜੰਗ ਮੰਨਿਆ ਜਾ ਰਿਹਾ ਹੈ, ਹਾਲਾਂਕਿ, ਇਤਿਹਾਸਕ ਤੱਥ ਇਹ ਹੈ ਕਿ ਜਦੋਂ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਸਿੱਖ ਸਾਮਰਾਜ ਨੂੰ ਅੰਗ੍ਰੇਜ਼ ਰਾਜ ਵਿੱਚ ਮਿਲਾਇਆ ਗਿਆ ਸੀ, ਤਾਂ ਭਾਈ ਮਹਾਰਾਜ ਸਿੰਘ 1849 ਵਿੱਚ ਬਸਤੀਵਾਦੀ ਅੰਗ੍ਰੇਜ਼ ਹੁਕਮਰਾਨਾਂ ਵਿਰੁੱਧ ਬਗਾਵਤ ਦਾ ਝੰਡਾ ਚੁੱਕਣ ਵਾਲਾ ਪਹਿਲਾ ਯੋਧਾ ਸੀ। ਸੰਨ 1940 ਤੱਕ ਸਮੇਂ-ਸਮੇਂ `ਤੇ ਕਈ ਪੰਜਾਬੀ ਫੌਜੀਆਂ ਨੇ ਅੰਗ੍ਰੇਜ਼ ਰਾਜ ਵਿਰੁੱਧ ਬਗਾਵਤ ਕੀਤੀ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਫਾਂਸੀ ਦਿੱਤੀ ਗਈ।
ਪੁਸਤਕ ਮੰਗ ਕਰਦੀ ਹੈ ਕਿ ਉਨ੍ਹਾਂ ਪੰਜਾਬੀ ਫ਼ੌਜੀਆਂ ਨੂੰ ਕੌਮੀ ਆਜ਼ਾਦੀ ਘੁਲਾਟੀਆਂ ਵਜੋਂ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਆਜ਼ਾਦੀ ਲਈ ਉਨ੍ਹਾਂ ਦੇ ਬਹਾਦਰੀ ਭਰੇ ਸੰਘਰਸ਼ ਨੂੰ ਉਨ੍ਹਾਂ ਦੀਆਂ ਰੈਜੀਮੈਂਟਾਂ ਦੇ ਇਤਿਹਾਸ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਤੋਂ ਨਵੇਂ ਸੈਨਿਕ ਪ੍ਰੇਰਣਾ ਲੈ ਸਕਣ। ਪੁਸਤਕ ਵਿੱਚ ਸਵਾਲ ਖੜਾ ਕੀਤਾ ਗਿਆ ਹੈ ਕਿ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਅਣਗੌਲਿਆ ਕਰਕੇ ਇਕ ਤਰ੍ਹਾਂ ਨਾਲ ਅੰਗ੍ਰੇਜ਼ ਰਾਜ ਦੀ ਰੱਖਿਆ ਲਈ ਵਫ਼ਾਦਾਰੀ ਦੇ ਪ੍ਰਤੀਕ ਸਰਵਉੱਚ ਬਹਾਦਰੀ ਪੁਰਸਕਾਰ, ਵਿਕਟੋਰੀਆ ਕਰਾਸ, ਨੂੰ ਵਡਿਆਇਆ ਜਾ ਰਿਹਾ ਹੈ।
ਕਾਂਗਰਸ ਪਾਰਟੀ ਤੋਂ ਕਈ ਸਾਲ ਪਹਿਲਾਂ 1913 ਵਿੱਚ ਗ਼ਦਰ ਪਾਰਟੀ ਨੇ ਪੂਰਨ ਆਜ਼ਾਦੀ ਦਾ ਨਾਅਰਾ ਦਿੱਤਾ ਸੀ। ਭਾਰਤ ਦੀ ਧਰਤੀ `ਤੇ ਗ਼ਦਰ ਪਾਰਟੀ ਦਾ ਝੰਡਾ ਹੀ ਸਭ ਤੋਂ ਪਹਿਲਾਂ ਲਹਿਰਾਇਆ ਗਿਆ। ਗ਼ਦਰ ਪਾਰਟੀ ਦੇ ਸੈਂਕੜੇ ਕਾਰਕੁਨ ਬਗਾਵਤ ਨੂੰ ਜਥੇਬੰਦ ਕਰਨ ਲਈ ਵਿਦੇਸ਼ਾਂ ਤੋਂ ਪੰਜਾਬ ਪਰਤ ਆਏ ਸਨ। ਗ਼ਦਰ ਪਾਰਟੀ ਦੇ ਕਾਰਕੁਨਾਂ ਨੇ ਹੀ ਅੰਡੇਮਾਨ ਦੀ ਬਦਨਾਮ ਸੈਲੂਲਰ ਜੇਲ੍ਹ ਦੇ ਬਿਰਤਾਂਤ ਨੂੰ ਬਦਲਿਆ ਸੀ। ਪੂਰਨ ਆਜ਼ਾਦੀ ਦਾ ਨਾਅਰਾ ਬੁਲੰਦ ਕਰਨ ਦਾ ਸਿਹਰਾ ਕਾਂਗਰਸ ਦੀ ਬਜਾਏ ਗ਼ਦਰ ਪਾਰਟੀ ਨੂੰ ਜਾਣਾ ਚਾਹੀਦਾ ਹੈ। ਸੈਲੂਲਰ ਜੇਲ੍ਹ ਦਾ ਬਿਰਤਾਂਤ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਹਰ ਸ਼ਾਮ ਨੂੰ ਜੇਲ੍ਹ ਦੇ ਵਿਹੜੇ ਵਿੱਚ ਹੋਣ ਵਾਲੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿੱਚ ਵੀ ਸਾਰਾ ਜ਼ੋਰ ਹਿੰਦੂਤਵੀ ਵਿਚਾਰਧਾਰਕ ਵੀ.ਡੀ. ਸਾਵਰਕਰ ਨੂੰ ਵਡਿਆਉਣ ਉੱਤੇ ਦਿੱਤਾ ਜਾਂਦਾ ਹੈ। ਇਸ ਤੱਥ ਦੇ ਬਾਵਜੂਦ ਕਿ ਸਵਰਕਰ ਨੇ ਬਸਤੀਵਾਦੀ ਅੰਗ੍ਰੇਜ਼ ਹੁਕਮਰਾਨਾਂ ਨੂੰ ਇਸ ਜੇਲ੍ਹ ਵਿੱਚੋਂ ਕਈ ਮੁਆਫ਼ੀ ਪੱਤਰ ਲਿਖੇ ਸਨ, ਉਸ ਦੀ ਇਕੱਲੀ ਕੋਠੜੀ ਹੈ, ਜਿਸ ਦੀ ਨਿਸ਼ਾਨਦੇਹੀ ਕਰਕੇ ਸੰਭਾਲਿਆ ਗਿਆ ਹੈ। ਮਸਲਾ ਸਾਵਰਕਰ ਦਾ ਨਹੀਂ, ਸਗੋਂ ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਨੂੰ ਮਾਨਤਾ ਨਾ ਮਿਲਣ ਦਾ ਹੈ।
ਮਾਸਟਰ ਚਤਰ ਸਿੰਘ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਆਪਣੀ ਕੋਠੜੀ ਵਿੱਚ ਪਿੰਜਰੇ ਵਿੱਚ ਰੱਖਿਆ ਜਾਣਾ ਇਸ ਜੇਲ੍ਹ ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਜੇਕਰ ਉਹ ਬਲਾਕ ਮੌਜੂਦ ਹੈ ਤਾਂ ਉਸ ਸੈੱਲ ਨੂੰ ਨਿਸ਼ਾਨਬੱਧ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਮਾਸਟਰ ਚਤਰ ਸਿੰਘ ਨੂੰ ਕੈਦ ਕੀਤਾ ਗਿਆ ਸੀ। ਸੈਲੂਲਰ ਜੇਲ੍ਹ ਵਿੱਚ ਗ਼ਦਰੀਆਂ ਦੇ ਸੰਘਰਸ਼ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ।
ਜਾਪਾਨੀ ਕਬਜ਼ੇ ਦੌਰਾਨ ਹੋਏ ਅੱਤਿਆਚਾਰਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਨ੍ਹਾਂ ਟਾਪੂਆਂ ਦਾ ਪ੍ਰਸ਼ਾਸਨ ਦਸੰਬਰ 1943 ਤੋਂ ਬਾਅਦ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਸਰਕਾਰ ਕੋਲ ਸੀ, ਹਾਲਾਂਕਿ ਰਸਮੀ ਤੌਰ `ਤੇ ਕੁਝ ਦਿਨਾਂ ਬਾਅਦ ਪ੍ਰਸ਼ਾਸਨ ਆਇਆ। ਡਾ. ਦੀਵਾਨ ਸਿੰਘ ਕਾਲੇਪਾਣੀ ਨੇ 30 ਦਸੰਬਰ ਨੂੰ ਨੇਤਾ ਜੀ ਦੁਆਰਾ ਪੋਰਟ ਬਲੇਅਰ ਵਿਖੇ ਤਿਰੰਗਾ ਲਹਿਰਾਉਣ ਤੋਂ ਬਾਅਦ, 14 ਜਨਵਰੀ, 1944 ਨੂੰ ਸ਼ਹੀਦੀ ਪ੍ਰਾਪਤ ਕੀਤੀ। ਅੰਡੇਮਾਨ ਅਤੇ ਨਿਕੋਬਾਰ ਨੂੰ ਜਾਪਾਨੀਆਂ ਦੇ ਕਬਜ਼ੇ ਤੋਂ ਬਾਅਦ ਭਾਰਤ ਦਾ ਪਹਿਲਾ ਆਜ਼ਾਦ ਖੇਤਰ ਐਲਾਨੇ ਜਾਣ ਤੋਂ ਬਾਅਦ ਉਹ ਪਹਿਲੇ ਸ਼ਹੀਦ ਸਨ।
ਜਿੱਥੋਂ ਤੱਕ ਸੈਲੂਲਰ ਜੇਲ੍ਹ ਦੇ ਸੰਦਰਭ ਵਿੱਚ ਅਜ਼ਾਦੀ ਸੰਗਰਾਮ ਵਿੱਚ ਪੰਜਾਬ ਦੀ ਭੂਮਿਕਾ ਦਾ ਸਬੰਧ ਹੈ, ਉਸ ਦੌਰ ਦੇ ਇਤਿਹਾਸ ਨੂੰ ਮੁੜ ਲਿਖਣਾ ਚਾਹੀਦਾ ਹੈ ਕਿਉਂਕਿ ਪੰਜਾਬੀਆਂ ਦਾ ਯੋਗਦਾਨ ਕੋਈ ਮਿੱਥ ਨਹੀਂ ਹੈ, ਸਗੋਂ ਠੋਸ ਤੱਥਾਂ ਤੇ ਅਧਾਰਤ ਹੈ। ਪੰਜਾਬ ਦੀ ਇਸ ਸ਼ਾਨਦਾਰ ਭੂਮਿਕਾ ਨੂੰ ਕੌਮੀ ਪੱਧਰ
ਤੇ ਮਾਨਤਾ ਮਿਲਣੀ ਚਾਹੀਦੀ ਹੈ।
ਘੱਟੋ-ਘੱਟ ਇਕ ਟਾਪੂ ਦਾ ਨਾਂ ਡਾ: ਦੀਵਾਨ ਸਿੰਘ ਕਾਲੇਪਾਣੀ ਦੇ ਨਾਂ `ਤੇ ਰੱਖਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸੈਲੂਲਰ ਜੇਲ੍ਹ ਵਿੱਚ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਦੇ ਨਾਂ ’ਤੇ ਕੁਝ ਸੜਕਾਂ ਦਾ ਨਾਂ ਹੋਣਾ ਜ਼ਰੂਰੀ ਹੈ। ਬਾਬਾ ਸੋਹਣ ਸਿੰਘ ਭਕਨਾ ਗ਼ਦਰ ਪਾਰਟੀ ਦੇ ਪ੍ਰਧਾਨ ਸਨ। ਪੋਰਟ ਬਲੇਅਰ ਦੀ ਇੱਕ ਸੜਕ ਦਾ ਨਾਮ ਭਕਨਾ ਮਾਰਗ ਹੋਣਾ ਚਾਹੀਦਾ ਹੈ। ਬਿਰਤਾਂਤ ਨੂੰ ਸੰਤੁਲਿਤ ਕਰਨ ਲਈ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੀ ਸਕ੍ਰਿਪਟ ਨੂੰ ਦੁਬਾਰਾ ਲਿਖਿਆ ਜਾਣਾ ਚਾਹੀਦਾ ਹੈ।
ਬਸਤੀਵਾਦੀ ਰਾਜ ਦੌਰਾਨ ਪੰਜਾਬ ਦੇ ਇਸ ਸ਼ਾਨਦਾਰ ਅਧਿਆਏ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਪੰਜਾਬੀਆਂ ਦੇ ਇਸ ਬਹਾਦਰੀ ਭਰੇ ਸੰਘਰਸ਼ ਦੇ ਇਤਿਹਾਸ ਨੂੰ ਪਾਠ-ਪੁਸਤਕਾਂ ਵਿਚ ਵੱਖ-ਵੱਖ ਪੱਧਰਾਂ `ਤੇ ਸ਼ਾਮਲ ਕਰਨਾ ਜ਼ਰੂਰੀ ਹੈ।