ਅੰਮ੍ਰਿਤਸਰ, 11 ਜੂਨ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਹੁਣ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਿਰਾਸਤ ਮਾਰਗ ਅਤੇ ਗਲਿਆਰੇ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਸਾਰੇ ਮੁੱਖ ਗੇਟਾਂ ‘ਤੇ ਸਕੈਨਰ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਤਹਿਤ ਘੰਟਾਘਰ ਗੇਟ ਵਿਖੇ ਸਕੈਨ ਮਸ਼ੀਨ ਦਾ ਟਰਾਇਲ ਲਿਆ ਜਾ ਰਿਹਾ ਹੈ। ਕਲਾਕ ਟਾਵਰ ਤੋਂ ਅੰਦਰ ਆਉਣ ਵਾਲੇ ਹਰ ਵਿਅਕਤੀ ਦੇ ਸਮਾਨ ਦੀ ਮਸ਼ੀਨ ਰਾਹੀਂ ਜਾਂਚ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਮੁਤਾਬਕ ਪਿਛਲੇ ਦਿਨੀਂ ਹੋਏ ਬੰਬ ਧਮਾਕਿਆਂ ਤੋਂ ਬਾਅਦ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਸਕੈਨ ਮਸ਼ੀਨਾਂ ਨਾਲ ਸ਼ਰਧਾਲੂਆਂ ਵੱਲੋਂ ਲਿਆਂਦੇ ਜਾ ਰਹੇ ਸਾਮਾਨ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਜੇਕਰ ਕੋਈ ਇਤਰਾਜ਼ਯੋਗ ਚੀਜ਼ ਪਾਈ ਜਾਂਦੀ ਹੈ ਤਾਂ ਸਾਮਾਨ ਲਿਆਉਣ ਵਾਲੇ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਐਡੀਸ਼ਨਲ ਮੈਨੇਜਰ ਦਰਬਾਰ ਸਾਹਿਬ ਨਿਸ਼ਾਨ ਸਿੰਘ ਨੇ ਦੱਸਿਆ ਕਿ ਇਹ ਸਕੈਨ ਮਸ਼ੀਨ ਸੁਰੱਖਿਆ ਦੇ ਮੱਦੇਨਜ਼ਰ ਵੀ ਬਹੁਤ ਲਾਹੇਵੰਦ ਹੈ। ਇਸ ਮਸ਼ੀਨ ‘ਚ ਸਕੈਨਿੰਗ ਦੇ ਸਮੇਂ ਬੈਗ ‘ਚ ਰੱਖੀ ਛੋਟੀ ਤੋਂ ਛੋਟੀ ਚੀਜ਼ ਵੀ ਸਕਰੀਨ ‘ਤੇ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਬੈਗ ‘ਚ ਕੀ ਹੈ, ਇਸ ਦਾ ਵੇਰਵਾ ਵੀ ਸਕਰੀਨ ‘ਤੇ ਦਿਖਾਈ ਦਿੰਦਾ ਹੈ।
ਨਿਸ਼ਾਨ ਸਿੰਘ ਨੇ ਦੱਸਿਆ ਕਿ ਇਸ ਸਕੈਨ ਮਸ਼ੀਨ ਦੇ ਦੋਵੇਂ ਪਾਸੇ ਕੈਮਰੇ ਲੱਗੇ ਹੋਏ ਹਨ। ਬੈਗ ਰੱਖਣ ਵਾਲੇ ਵਿਅਕਤੀ ਅਤੇ ਬੈਗ ਚੁੱਕਣ ਵਾਲੇ ਵਿਅਕਤੀ ਦੀ ਤਸਵੀਰ ਇਸ ਮਸ਼ੀਨ ਵਿੱਚ ਸਟੋਰ ਕੀਤੀ ਜਾਂਦੀ ਹੈ। ਮਸ਼ੀਨ ਵਿੱਚ 10 ਲੱਖ ਫੋਟੋਆਂ ਸਟੋਰ ਕਰਨ ਦੀ ਸਮਰੱਥਾ ਹੈ। ਇਸ ਮਸ਼ੀਨ ਵਿੱਚ ਕਿਸ ਵਿਅਕਤੀ ਨੇ ਕਿਸ ਸਮੇਂ ਸਾਮਾਨ ਰੱਖਿਆ ਅਤੇ ਕਿਸ ਨੇ ਕਿਸ ਸਮੇਂ ਸਾਮਾਨ ਚੁੱਕਿਆ, ਇਸ ਦਾ ਪੂਰਾ ਵੇਰਵਾ ਇਸ ਮਸ਼ੀਨ ਵਿੱਚ ਆ ਜਾਂਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸੀਸੀਟੀਵੀ ਨਿਗਰਾਨੀ ਟੀਮ ਨੇ ਫੜ ਲਿਆ ਸੀ। ਬੰਬ ਧਮਾਕੇ ਕਰਨ ਵਾਲੇ ਹਰਿਮੰਦਰ ਸਾਹਿਬ ਦੇ ਸ਼੍ਰੀ ਗੁਰੂ ਰਾਮਦਾਸ ਜੀ ਸਰਾਏ ਵਿੱਚ ਠਹਿਰੇ ਹੋਏ ਸਨ ਅਤੇ ਉੱਥੇ ਹੀ ਬੰਬ ਤਿਆਰ ਕੀਤੇ ਗਏ ਸਨ।
ਉਸ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਨੇ ਅਜਿਹਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਆਉਣ ਵਾਲੀਆਂ ਸਾਰੀਆਂ ਸੰਗਤਾਂ ਦੇ ਸਾਮਾਨ ਦੀ ਜਾਂਚ ਕੀਤੀ ਜਾ ਸਕੇ।