ਬਠਿੰਡਾ, 11 ਜੂਨ 2023 – ਬਠਿੰਡਾ ਜ਼ਿਲ੍ਹੇ ਦੀ ਹਾਈ ਸਕਿਓਰਿਟੀ ਸੈਂਟਰਲ ਜੇਲ ‘ਚ ਸ਼ਨੀਵਾਰ ਰਾਤ ਨੂੰ ਕੈਦੀਆਂ ਦੀ ਆਪਸ ‘ਚ ਝੜਪ ਹੋ ਗਈ। ਅੰਡਰ ਟਰਾਇਲ ਕੈਦੀਆਂ ਵਿਚਾਲੇ ਖੂਨੀ ਝੜਪ ਇਸ ਤਰ੍ਹਾਂ ਹੋਈ ਕਿ ਇਕ ਜ਼ਖਮੀ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਉਸ ‘ਤੇ ਕਿਸੇ ਤਿੱਖੀ ਚੀਜ਼ ਨਾਲ ਇਸ ਤਰ੍ਹਾਂ ਹਮਲਾ ਕੀਤਾ ਗਿਆ ਕਿ ਉਸ ਦੇ ਇਕ ਹੱਥ ਦੀ ਹੱਡੀ ਵੀ ਬਾਹਰ ਆ ਗਈ ਹੈ।
ਪੁਲਿਸ ਥਾਣਾ ਕੈਂਟ ਨੂੰ ਦਿੱਤੀ ਸ਼ਿਕਾਇਤ ‘ਚ ਸਹਾਇਕ ਜੇਲ੍ਹ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੈਰਕ ‘ਚ ਬੰਦ ਹਵਾਲਾਤੀ ਅਮਨਪ੍ਰੀਤ ਸਿੰਘ ਅਤੇ ਪਰਵਿੰਦਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਦੋਹਾਂ ਨੇ ਕਿਸੇ ਤਿੱਖੀ ਚੀਜ਼ ਨਾਲ ਇਕ ਦੂਜੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ।
ਸੁਰਿੰਦਰ ਪਾਲ ਅਨੁਸਾਰ ਇਸ ਹਮਲੇ ਵਿੱਚ ਅੰਡਰ ਟਰਾਇਲ ਕੈਦੀ ਪਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਕੈਂਟ ਦੀ ਪੁਲੀਸ ਨੇ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲੇ ‘ਚ ਪਰਵਿੰਦਰ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੇ ਹੱਥ ਦੀ ਹੱਡੀ ਵੀ ਬਾਹਰ ਆ ਗਈ। ਉਸ ਨੂੰ ਜੇਲ੍ਹ ਸਟਾਫ਼ ਨੇ ਹਸਪਤਾਲ ਪਹੁੰਚਾਇਆ। ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਕਦੇ ਮੋਬਾਈਲ ਤੇ ਕਦੇ ਨਸ਼ੀਲੇ ਪਦਾਰਥ ਮਿਲਣ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਇਹ ਕੈਦੀਆਂ ਦੇ ਟਕਰਾਅ ਕਾਰਨ ਚਰਚਾ ਵਿੱਚ ਹੈ।