- 11 ਗੰਭੀਰ ਜ਼ਖਮੀ, 40 ਜਾਣੇ ਸਨ ਬੱਸ ‘ਚ ਸਵਾਰ
- ਜ਼ਖ਼ਮੀਆਂ ਨੂੰ ਹੈਲੀਕਾਪਟਰ ਅਤੇ ਸੜਕ ਦੇ ਰਸਤੇ ਰਾਹੀਂ ਇਲਾਕੇ ਦੇ ਹਸਪਤਾਲਾਂ ‘ਚ ਪਹੁੰਚਾਇਆ ਗਿਆ
ਨਵੀਂ ਦਿੱਲੀ, 12 ਜੂਨ 2023 – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW), ਹੰਟਰ ਵੈਲੀ ‘ਚ ਵਾਈਨ ਕਾਊਂਟੀ ਡਰਾਈਵ ‘ਤੇ ਇਕ ਬੱਸ ਪਲਟਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਜਦਕਿ 11 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਹੈਲੀਕਾਪਟਰ ਅਤੇ ਸੜਕ ਰਾਹੀਂ ਇਲਾਕੇ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਸਿਰਫ 40 ਲੋਕ ਸਵਾਰ ਸਨ।
ਹਾਦਸੇ ‘ਚ 18 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬੱਸ ਡਰਾਈਵਰ ਅਤੇ ਇੱਕ 58 ਸਾਲਾ ਵਿਅਕਤੀ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਨਿਊ ਸਾਊਥ ਵੇਲਜ਼ ਦੇ ਗ੍ਰੇਟਾ ਸ਼ਹਿਰ ‘ਚ ਬੱਸ ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸਾ ਰਾਤ 11:30 ਵਜੇ ਤੋਂ ਬਾਅਦ ਵਾਪਰਿਆ। ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਹਾਲਾਂਕਿ ਅਸੀਂ ਆਲੇ ਦੁਆਲੇ ਦੇ ਖੇਤਰ ਨੂੰ ਕਵਰ ਕੀਤਾ ਹੈ। ਇਸ ਖੇਤਰ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਸਟ੍ਰੇਲੀਅਨ ਮੀਡੀਆ ਮੁਤਾਬਕ ਬੱਸ ‘ਚ ਕਰੀਬ 40 ਲੋਕ ਸਵਾਰ ਸਨ ਜੋ ਪਹਿਲਾਂ ਵੈਂਡਿਨ ਅਸਟੇਟ ਵਾਈਨਰੀ ‘ਚ ਇਕ ਵਿਆਹ ‘ਚ ਸ਼ਾਮਲ ਹੋਏ ਸਨ। ਇਹ ਸਾਰੇ ਲੋਕ ਪ੍ਰੋਗਰਾਮ ‘ਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸਨ।
ਇਸ ਦੇ ਨਾਲ ਹੀ ਸੇਸਨੌਕ ਦੇ ਮੇਅਰ ਜੈ ਸੁਵਾਲ ਨੇ ਕਿਹਾ ਕਿ ਇਹ ਹਾਦਸਾ ਵਾਕਈ ਭਿਆਨਕ ਹੈ। ਹੰਟਰ ਵੈਲੀ ਇੱਕ ਪ੍ਰਮੁੱਖ ਵਿਆਹ ਅਤੇ ਸੈਰ-ਸਪਾਟਾ ਸਥਾਨ ਹੈ, ਅਤੇ ਇਸ ਲਈ ਪੂਰੇ ਸੂਬੇ ਅਤੇ ਦੇਸ਼ ਦੇ ਲੋਕ ਇੱਥੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਝਟਕੇ ਵਰਗਾ ਹੈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਹੈ।