- ਬਿਨਾਂ ਸੇਫਟੀ ਦੇ ਕਰੋੜਾਂ ਰੁਪਏ ਹੈਂਡਲ ਕਰ ਰਹੀ ਸੀ ਕੰਪਨੀ,
- ਲੁਧਿਆਣਾ CP ਮਨਦੀਪ ਸਿੱਧੂ ਨੇ CMS ਦਾ ਲਾਇਸੈਂਸ ਰੱਦ ਕਰਨ ਲਈ CM ਤੇ DGP ਨੂੰ ਲਿਖਿਆ ਪੱਤਰ
ਲੁਧਿਆਣਾ, 14 ਜੂਨ 2023 – ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ ਸੀਐਮਐਸ ਕੰਪਨੀ ਵਿੱਚ ਹੋਈ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਕੰਪਨੀ ਖ਼ਿਲਾਫ਼ ਪੱਤਰ ਲਿਖਿਆ ਹੈ। ਉਕਤ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਲਿਖਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਉਂਕਿ ਇਸ ਮਾਮਲੇ ਵਿੱਚ ਲੁੱਟ ਦਾ ਕਾਰਨ ਕੰਪਨੀ ਦਾ ਮਾੜਾ ਸੁਰੱਖਿਆ ਪ੍ਰਬੰਧ ਸੀ। ਜਿਸ ਕਾਰਨ ਲੁਟੇਰਿਆਂ ਲਈ ਇਸ ਵਾਰਦਾਤ ਨੂੰ ਅੰਜਾਮ ਦੇਣਾ ਆਸਾਨ ਹੋ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਦੀਆਂ 10 ਟੀਮਾਂ ਨੇ ਮੁੱਲਾਂਪੁਰ, ਮੰਡਿਆਣਾ ਅਤੇ ਹੋਰ ਪਿੰਡਾਂ ‘ਚ ਤਲਾਸ਼ੀ ਮੁਹਿੰਮ ਚਲਾਈ।
ਇਸ ਤੋਂ ਇਲਾਵਾ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਦੱਸ ਦੇਈਏ ਕਿ ਪੁਲਿਸ ਨੇ 30 ਤੋਂ 40 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ ਅਤੇ ਇਹ ਕਾਰਵਾਈ ਜਾਰੀ ਹੈ। ਜ਼ਿਕਰਯੋਗ ਹੈ ਕਿ ਨਿਊ ਰਾਜਗੁਰੂ ਨਗਰ ਸਥਿਤ ਏਟੀਐਮ ਵਿੱਚ ਕੈਸ਼ ਲੋਡ ਕਰਨ ਵਾਲੀ ਸੀਐਮਐਸ ਕੰਪਨੀ ਦੇ ਦਫ਼ਤਰ ਵਿੱਚੋਂ 10 ਲੁਟੇਰੇ ਕੈਸ਼ ਵੈਨ ਵਿੱਚ 8.49 ਕਰੋੜ ਰੁਪਏ ਭਰ ਕੇ ਫਰਾਰ ਹੋ ਗਏ ਸਨ। ਫਿਰ ਮੁੱਲਾਂਪੁਰ ਨੇੜੇ ਪੰਡੋਰੀ ਵਿਖੇ ਵੈਨ ਨੂੰ ਛੱਡ ਕੇ ਹੋਰ ਕਾਰਾਂ ਵਿਚ ਪਈ ਨਕਦੀ ਖੋਹ ਕੇ ਲੈ ਗਏ। ਜਿਸ ਤੋਂ ਬਾਅਦ ਪੁਲਸ ਨੇ ਕੈਸ਼ ਵੈਨ ਬਰਾਮਦ ਕਰ ਲਈ।
ਬਦਮਾਸ਼ ਲੁਟੇਰਿਆਂ ਨੇ ਕੰਪਨੀ ਦੇ ਦਫ਼ਤਰ ਵਿੱਚ ਲੱਗੇ ਸੈਂਸਰ ਅਤੇ ਸੀਸੀਟੀਵੀ ਦੀਆਂ ਤਾਰਾਂ ਨੂੰ ਕੱਟ ਦਿੱਤਾ। ਇਸ ਤੋਂ ਇਲਾਵਾ ਡੀਵੀਆਰ ਵੀ ਨਾਲ ਲੈ ਗਏ। ਸੀਪੀ ਨੇ ਕਿਹਾ ਕਿ ਜੇਕਰ ਕੰਪਨੀ ਨੇ ਸਾਵਧਾਨੀ ਵਰਤੀ ਹੁੰਦੀ ਤਾਂ ਸਾਡੇ ਲਈ ਮਾਮਲਾ ਸੁਲਝਾਉਣਾ ਆਸਾਨ ਹੁੰਦਾ। ਲੁਟੇਰੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਲੈ ਗਏ ਪਰ ਕੈਮਰਿਆਂ ਦਾ ਡਾਟਾ ਕਲਾਊਡ ‘ਤੇ ਸੁਰੱਖਿਅਤ ਹੋ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਕਲਾਊਡ ਬਾਰੇ ਪੁੱਛਿਆ ਗਿਆ ਤਾਂ ਕੰਪਨੀ ਦੇ ਕਰਮਚਾਰੀਆਂ ਨੇ ਕਿਹਾ ਕਿ ਅਜਿਹਾ ਕੋਈ ਸਿਸਟਮ ਨਹੀਂ ਹੈ, ਇਸ ਨੂੰ ਕਰਵਾਉਣ ਲਈ ਗੱਲਬਾਤ ਚੱਲ ਰਹੀ ਹੈ। ਜੋ ਕਿ ਘੋਰ ਅਣਗਹਿਲੀ ਸੀ। ਕੰਪਨੀ ਵਿੱਚ ਜੋ ਸੁਰੱਖਿਆ ਸਿਸਟਮ ਲਗਾਇਆ ਗਿਆ ਸੀ, ਜੇਕਰ ਲਾਈਟਾਂ ਬੰਦ ਹੋ ਗਈਆਂ ਤਾਂ ਸਿਸਟਮ ਵੀ ਬੰਦ ਹੋ ਜਾਵੇਗਾ। ਅਸੁਰੱਖਿਅਤ ਸੁਰੱਖਿਅਤ ਸਿਸਟਮ ਹੋਣ ਦੇ ਬਾਵਜੂਦ ਇੱਥੇ ਦੋ ਸਾਲਾਂ ਤੋਂ ਕਰੋੜਾਂ ਰੁਪਏ ਰੱਖੇ ਜਾ ਰਹੇ ਹਨ।

ਪਰ ਹੁਣ ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲੀਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਦੇ ਨਾਲ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ। ਸੀਐਮ ਨੇ ਲਿਖਿਆ ਕਿ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਅਤੇ ਡੀਜੀਪੀ ਨੇ ਲਿਖਿਆ ਕਿ ਮਾਮਲਾ 60 ਘੰਟੇ ਤੋਂ ਪਹਿਲਾਂ ਹੱਲ ਕਰ ਲਿਆ ਗਿਆ ਹੈ। ਵੱਡੀ ਰਿਕਵਰੀ ਹੋਈ ਹੈ। ਪੁੱਛਗਿੱਛ ਜਾਰੀ ਹੈ।
