ਮੋਗਾ, 16 ਜੂਨ 2023 – ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਸਿੰਘਾ ਵਾਲਾ ਹਾਈਵੇ ‘ਤੇ ਵੀਰਵਾਰ ਸਵੇਰੇ ਵਾਪਰੇ ਹਾਦਸੇ ‘ਚ 3 ਜਾਣਿਆ ਦੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਬਾਘਾਪੁਰਾਣਾ ਸਾਈਡ ਤੋਂ ਇੱਕ ਕਾਰ ਹੋਰ ਕਾਰ ਨੂੰ ਓਵਰਟੇਕ ਕਰਦੇ ਸਮੇਂ ਇੱਕ ਕਾਰ ਬਾਈਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਅਤੇ ਬਾਈਕ ਸੜਕ ਕਿਨਾਰੇ ਖੇਤਾਂ ਵਿੱਚ ਇੱਕ ਦਰੱਖਤ ਨਾਲ ਟਕਰਾ ਗਏ। ਹਾਦਸੇ ‘ਚ ਮਾਂ, ਪੁੱਤਰ ਅਤੇ ਪੋਤੇ ਦੀ ਮੌਤ ਹੋ ਗਈ, ਜਦਕਿ ਨੂੰਹ ਜ਼ਖਮੀ ਹੋ ਗਈ।
ਪਿੰਡ ਦਾਤਾ ਵਾਸੀ ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਹਰਵਿੰਦਰ ਕੌਰ, ਉਸ ਦਾ ਭਰਾ ਤਰਸੇਮ ਸਿੰਘ, ਭਰਜਾਈ ਨਿੱਕੀ ਕੌਰ ਅਤੇ ਭਤੀਜਾ ਗੁਰਮਨ ਸਿੰਘ (6) ਮੋਟਰਸਾਈਕਲ ’ਤੇ ਲੰਗੇਆਣਾ ਮੰਦਰ ਵਿਖੇ ਮੱਥਾ ਟੇਕਣ ਜਾ ਰਹੇ ਸਨ। ਜਦੋਂ ਉਹ ਪਿੰਡ ਸਿੰਘਾ ਵਾਲਾ ਦੇ ਬਿਜਲੀ ਗਰਿੱਡ ਨੇੜੇ ਪਹੁੰਚਿਆ ਤਾਂ ਕੋਟਕਪੂਰਾ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਕਿਸੇ ਹੋਰ ਕਾਰ ਨੂੰ ਓਵਰਟੇਕ ਕਰਨ ਦੌਰਾਨ ਵਾਪਰਿਆ।
ਸੁਖਚੈਨ ਅਨੁਸਾਰ ਟੱਕਰ ਹੁੰਦੇ ਹੀ ਕਾਰ ਅਤੇ ਬਾਈਕ ਖੇਤਾਂ ਵਿੱਚ ਇੱਕ ਦਰੱਖਤ ਨਾਲ ਟਕਰਾ ਗਏ। ਹਾਦਸੇ ‘ਚ ਭਰਾ ਤਰਸੇਮ ਸਿੰਘ (31 ਸਾਲ), ਭਤੀਜਾ ਗੁਰਮਨ ਸਿੰਘ (6 ਸਾਲ), ਮਾਂ ਹਰਵਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਭਰਜਾਈ ਨਿੱਕੀ ਕੌਰ ਜ਼ਖਮੀ ਹੋ ਗਈ। ਉਸ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ, ਜਿੱਥੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਹੁਣ ਉਹ ਅਤੇ ਉਸ ਦਾ ਪਿਤਾ ਹੀ ਪਰਿਵਾਰ ਵਿੱਚ ਰਹਿ ਗਏ ਹਨ।
ਦੂਜੇ ਪਾਸੇ ਕਾਰ ਚਾਲਕ ਪ੍ਰਦੀਪ ਕੁਮਾਰ ਵਾਸੀ ਗੁਰੂਗ੍ਰਾਮ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਗੰਗਾਨਗਰ ਤੋਂ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਕਾਰ ਦੇ ਏਅਰਬੈਗ ਖੁੱਲ੍ਹਣ ‘ਤੇ ਕਾਰ ਸਵਾਰ ਚਾਰੇ ਵਿਅਕਤੀ ਵਾਲ-ਵਾਲ ਬਚ ਗਏ।