ਚੰਡੀਗੜ੍ਹ, 16 ਜੂਨ 2023 – ਪੰਜਾਬ ‘ਚ ਚੱਕਰਵਾਤ ਬਿਪਰਜੋਏ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 18 ਜੂਨ ਨੂੰ ਛੱਡ ਕੇ 20 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਯਾਨੀ ਪੰਜਾਬ ਵਿੱਚ ਮੀਂਹ ਨਾਲ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦੇ ਇਸ ਅਲਰਟ ਦੇ ਵਿਚਕਾਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਧੁੱਪ ਵੀ ਨਿਕਲ ਗਈ ਹੈ, ਜਿਸ ਕਾਰਨ ਗਰਮੀ ਲਗਾਤਾਰ ਵਧ ਰਹੀ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 17 ਜੂਨ ਤੱਕ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸ.ਏ.ਐਸ ਨਗਰ ਅਤੇ ਲੁਧਿਆਣਾ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਅਲਰਟ ਹੈ। ਦੂਜੇ ਪਾਸੇ 18 ਜੂਨ ਨੂੰ ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਪੂਰਬੀ ਮਾਲਵੇ ਵਿੱਚ 19-20 ਜੂਨ ਨੂੰ ਕੋਈ ਅਲਰਟ ਨਹੀਂ। 19 ਜੂਨ ਨੂੰ ਰੂਪਨਗਰ, ਐਸ.ਏ.ਐਸ.ਨਗਰ ਅਤੇ 20 ਜੂਨ ਨੂੰ ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਐਸ.ਏ.ਐਸ ਨਗਰ ਵਿੱਚ ਯੈਲੋ ਅਲਰਟ ਹੈ।
ਦੁਆਬੇ ਵਿੱਚ 17-18 ਜੂਨ ਨੂੰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। 19 ਜੂਨ ਨੂੰ ਪੂਰੇ ਦੋਆਬੇ ਵਿੱਚ ਅਤੇ 20 ਜੂਨ ਨੂੰ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਮਾਝੇ ਵਿੱਚ 17 ਜੂਨ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ 18 ਜੂਨ ਨੂੰ ਕੋਈ ਅਲਰਟ ਨਹੀਂ ਹੈ। 19 ਜੂਨ ਨੂੰ ਵੀ ਪੂਰੇ ਮਾਝੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ 20 ਜੂਨ ਨੂੰ ਸਿਰਫ਼ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਹੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਸ਼ਹਿਰਾਂ ਵਿੱਚ ਹੁਣ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ 19 ਜੂਨ ਤੱਕ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਮੁੜ 40 ਡਿਗਰੀ ਨੂੰ ਪਾਰ ਕਰ ਜਾਵੇਗਾ, ਜੋ ਕਿ ਪਿਛਲੇ ਦਿਨੀਂ 36 ਡਿਗਰੀ ਦੇ ਨੇੜੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ 22 ਜੂਨ ਤੱਕ ਇਹ ਤਾਪਮਾਨ ਮੁੜ 42 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਸਕਦਾ ਹੈ।
ਪਿਛਲੇ ਦਿਨੀਂ ਪੰਜਾਬ ਦੇ ਕੁਝ ਇਲਾਕਿਆਂ ‘ਚ ਹੀ ਬਾਰਿਸ਼ ਦੇਖਣ ਨੂੰ ਮਿਲੀ। ਜਿਸ ਵਿੱਚ ਫਿਰੋਜ਼ਪੁਰ ਵਿੱਚ 4.5mm, ਫਤਿਹਗੜ੍ਹ ਸਾਹਿਬ ਵਿੱਚ 3mm, ਅੰਮ੍ਰਿਤਸਰ ਵਿੱਚ 1.2mm ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਦੀ ਕੋਈ ਸੂਚਨਾ ਨਹੀਂ ਹੈ। ਜਿਸ ਕਾਰਨ ਪਿਛਲੇ ਦਿਨ ਤੋਂ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ ਔਸਤਨ 2.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ।
ਅੱਜ ਦਾ ਘੱਟੋ-ਘੱਟ ਤਾਪਮਾਨ ਫਰੀਦਕੋਟ ਵਿੱਚ 27.1 ਡਿਗਰੀ, ਮੁਹਾਲੀ ਵਿੱਚ 26.7 ਡਿਗਰੀ, ਮੁਕਤਸਰ ਵਿੱਚ 25.1 ਡਿਗਰੀ, ਬਠਿੰਡਾ ਵਿੱਚ 25.6 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਪਿਛਲੇ ਦਿਨ ਨਾਲੋਂ 1 ਤੋਂ 3.5 ਡਿਗਰੀ ਵੱਧ ਸੀ। ਦੂਜੇ ਪਾਸੇ ਗੁਰਦਾਸਪੁਰ ਸ਼ਹਿਰ ਪਿਛਲੇ ਦਿਨ 35 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ। ਅੰਮ੍ਰਿਤਸਰ ਵਿੱਚ 31 ਡਿਗਰੀ ਅਤੇ ਲੁਧਿਆਣਾ ਵਿੱਚ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।