ਚੇਨਈ 17 ਜੂਨ 2023 – ਤਾਮਿਲਨਾਡੂ ਦੇ ਸਾਬਕਾ ਡੀਜੀਪੀ (ਡਾਇਰੈਕਟਰ ਜਨਰਲ ਆਫ਼ ਪੁਲਿਸ) ਰਾਜੇਸ਼ ਦਾਸ ਨੂੰ ਇੱਕ ਜੂਨੀਅਰ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਵਿਲੂਪੁਰਮ ਅਦਾਲਤ ਨੇ ਰਾਜੇਸ਼ ਦਾਸ ਨੂੰ ਤਿੰਨ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਰਾਜੇਸ਼ ਦਾਸ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।
ਫਰਵਰੀ 2021 ਵਿੱਚ, ਇੱਕ ਲੇਡੀ ਆਈਪੀਐਸ ਅਧਿਕਾਰੀ ਨੇ ਰਾਜੇਸ਼ ਦਾਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਲੇਡੀ ਅਧਿਕਾਰੀ ਨੇ ਦੋਸ਼ ਲਾਇਆ ਕਿ ਉਹ ਤਤਕਾਲੀ ਮੁੱਖ ਮੰਤਰੀ ਇਦਾਪਾਦੀ ਕੇ ਪਲਾਨੀਸਾਮੀ ਦੀ ਸੁਰੱਖਿਆ ਡਿਊਟੀ ਦੌਰਾਨ ਯਾਤਰਾ ਕਰ ਰਹੀ ਸੀ। ਉਸੇ ਸਮੇਂ ਰਾਜੇਸ਼ ਦਾਸ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਏ.ਆਈ.ਏ.ਡੀ.ਐਮ.ਕੇ ਸਰਕਾਰ ਨੇ ਰਾਜੇਸ਼ ਦਾਸ ਨੂੰ ਮੁਅੱਤਲ ਕਰ ਦਿੱਤਾ ਸੀ
ਇੱਕ ਲੇਡੀ ਆਈਪੀਐਸ ਅਧਿਕਾਰੀ ਵੱਲੋਂ ਡੀਜੀਪੀ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਦਾ ਮਾਮਲਾ ਕੁਝ ਹੀ ਸਮੇਂ ਵਿੱਚ ਭਖ ਗਿਆ ਸੀ। ਅੰਨਾਡੀਐਮਕੇ ਸਰਕਾਰ ਨੇ ਰਾਜੇਸ਼ ਦਾਸ ਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ। ਜਾਂਚ ਦੌਰਾਨ ਪੁਲੀਸ ਮੁਲਾਜ਼ਮਾਂ ਸਮੇਤ 68 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ।
ਕੀ ਕਿਹਾ ਮਦਰਾਸ ਹਾਈਕੋਰਟ ਨੇ?
ਸ਼ਿਕਾਇਤ ਦਾਇਰ ਕੀਤੇ ਜਾਣ ਦੇ ਮਹੀਨਿਆਂ ਬਾਅਦ, ਮਦਰਾਸ ਹਾਈ ਕੋਰਟ ਨੇ ਵਿਲੂਪੁਰਮ ਅਦਾਲਤ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇਣ ਵਾਲੀ ਦਾਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਜਸਟਿਸ ਪੀ ਵੇਲਮੁਰੂਗਨ ਨੇ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਹਾਈ ਕੋਰਟ ਨੂੰ ਵਿਲੂਪੁਰਮ ਅਦਾਲਤ ਦੇ ਇਸ ਤਰ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰਨ ਦੇ ਆਦੇਸ਼ ਵਿੱਚ ਕੋਈ ‘ਵਿਗਾੜ’ ਨਹੀਂ ਮਿਲਿਆ।
ਰਾਜੇਸ਼ ਦਾਸ ਸਜ਼ਾ ਵਿਰੁੱਧ ਅਪੀਲ ਕਰ ਸਕਦੇ ਹਨ
ਰਾਜੇਸ਼ ਦਾਸ ਨੂੰ ਵਿਲੂਪੁਰਮ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਦਾਸ ਇਸ ਵਿਰੁੱਧ ਉਪਰਲੀ ਅਦਾਲਤ ਵਿੱਚ ਅਪੀਲ ਕਰ ਸਕਦੇ ਹਨ। ਉਹ ਤੁਰੰਤ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹਨ। ਰਾਹਤ ਨਾ ਮਿਲੀ ਤਾਂ ਦਾਸ ਨੂੰ ਜੇਲ੍ਹ ਜਾਣਾ ਪਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ 2021 ਵਿੱਚ ਇਹ ਚੋਣ ਮੁੱਦਾ ਬਣ ਗਿਆ ਸੀ। ਉਸ ਸਮੇਂ ਦੇ ਵਿਰੋਧੀ ਧਿਰ ਦੇ ਨੇਤਾ ਐਮ ਕੇ ਸਟਾਲਿਨ ਨੇ ਸੱਤਾ ਵਿੱਚ ਆਉਣ ‘ਤੇ ਬਣਦੀ ਕਾਨੂੰਨੀ ਪ੍ਰਕਿਰਿਆ ਅਤੇ ਸਜ਼ਾ ਦਾ ਭਰੋਸਾ ਦਿੱਤਾ ਸੀ। ਐਮ ਕੇ ਸਟਾਲਿਨ ਇਸ ਸਮੇਂ ਤਾਮਿਲਨਾਡੂ ਦੇ ਮੁੱਖ ਮੰਤਰੀ ਹਨ।
ਅਦਾਲਤ ਨੇ ਰਾਜੇਸ਼ ਦਾਸ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਹੈ
ਅਦਾਲਤ ਨੇ ਰਾਜੇਸ਼ ਦਾਸ ‘ਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਚੇਂਗਲਪੱਟੂ ਦੇ ਤਤਕਾਲੀ ਐਸਪੀ ਡੀ ਕੰਨਨ ‘ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀ ਕੰਨਨ ਨੇ ਲੇਡੀ ਆਈਪੀਐਸ ਅਧਿਕਾਰੀ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜਿਨਸੀ ਸ਼ੋਸ਼ਣ ਦੀ ਘਟਨਾ ਦੇ ਸਮੇਂ ਰਾਜੇਸ਼ ਦਾਸ ਵਿਸ਼ੇਸ਼ ਡੀਜੀਪੀ ਸਨ। ਪਲਾਨੀਸਾਮੀ ਚੋਣ ਪ੍ਰਚਾਰ ‘ਚ ਸਨ। ਰਾਜੇਸ਼ ਦਾਸ ਨੇ ਆਪਣੀ ਕਾਰ ਵਿੱਚ ਇੱਕ ਲੇਡੀ ਆਈਪੀਐਸ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ।