- ਗੈਂਗਸਟਰ ਹਰਪ੍ਰੀਤ ਭਾਊ ਨੇ ਕੀਤਾ ਸੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ
- 28 ਜੂਨ ਤੱਕ ਸਲਾਖਾਂ ਪਿੱਛੇ ਭੇਜਿਆ
ਫਰੀਦਕੋਟ, 18 ਜੂਨ 2023 – ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੇ ਦੋਸ਼ੀ ਗੈਂਗਸਟਰ ਹਰਪ੍ਰੀਤ ਸਿੰਘ ਭਾਊ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹ 28 ਜੂਨ ਤੱਕ ਜੇਲ੍ਹ ਵਿੱਚ ਰਹੇਗਾ।
4 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਦੋਸ਼ੀ ਨੂੰ 17 ਜੂਨ ਦੀ ਸ਼ਾਮ ਨੂੰ ਇਲਾਕਾ ਮੈਜਿਸਟ੍ਰੇਟ ਅਜੈਪਾਲ ਸਿੰਘ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਡਿਊਟੀ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਦੀ ਅਦਾਲਤ ਨੇ ਮੁਲਜ਼ਮ ਨੂੰ 28 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।
ਗੈਂਗਸਟਰ ਹਰਪ੍ਰੀਤ ਸਿੰਘ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ 12 ਜੂਨ ਨੂੰ ਗ੍ਰਿਫਤਾਰ ਕੀਤਾ ਸੀ। ਹਰਪ੍ਰੀਤ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੌੜੀਕਪੁਰਾ ਦਾ ਵਸਨੀਕ ਹੈ ਅਤੇ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ।
ਭਾਊ ‘ਤੇ ਗੈਂਗਸਟਰ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਪ੍ਰਦੀਪ ਕਤਲ ਕਾਂਡ ਦੇ ਸ਼ੂਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਬਰਗਾੜੀ ਬੇਅਦਬੀ ਕਾਂਡ ਵਿੱਚ ਨਾਮਜ਼ਦ ਪ੍ਰਦੀਪ ਸਿੰਘ ਦੀ 10 ਨਵੰਬਰ 2022 ਨੂੰ ਦੁਕਾਨ ਖੋਲ੍ਹਣ ਸਮੇਂ ਗੋਲੀ ਚਲਾ ਕੇ ਹੱਤਿਆ ਕਰ ਦਿੱਤੀ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ 2 ਬਾਈਕ ‘ਤੇ ਸਵਾਰ 6 ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਪ੍ਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਗੋਲੀਬਾਰੀ ਵਿਚ ਉਸ ਦਾ ਗੰਨਮੈਨ ਅਤੇ ਇਕ ਹੋਰ ਦੁਕਾਨਦਾਰ ਵੀ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੀ।