ਪੰਜਾਬ ਪੁਲਿਸ ਦੇ SHO ਤੇ ਚੌਕੀ ਇੰਚਾਰਜ ‘ਤੇ ਕੇਸ ਦਰਜ, ਨਸ਼ਾ ਤਸਕਰ ਨੂੰ ਰਿਸ਼ਵਤ ਲੈ ਛੱਡਣ ਦੇ ਨੇ ਦੋਸ਼

  • ਚੌਕੀ ਇੰਚਾਰਜ ਗ੍ਰਿਫਤਾਰ, SHO ਫਰਾਰ
  • ਨਸ਼ਾ ਤਸਕਰ ਨੂੰ 21 ਲੱਖ ਦੀ ਰਿਸ਼ਵਤ ਲੈ ਛੱਡਣ ਦੇ ਨੇ ਦੋਸ਼

ਕਪੂਰਥਲਾ, 21 ਜੂਨ 2023 – ਕਪੂਰਥਲਾ ਜ਼ਿਲ੍ਹੇ ਵਿੱਚ ਥਾਣਾ ਸੁਭਾਨਪੁਰ ਦੇ ਤਤਕਾਲੀ ਐਸਐਚਓ ਅਤੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ‘ਤੇ 21 ਲੱਖ ਰਿਸ਼ਵਤ ਲੈ ਕੇ ਇੱਕ ਤਸਕਰ ਨੂੰ ਛੱਡਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸੌਦਾ ਕਰਵਾਉਣ ਵਾਲਾ ਵਿਚੋਲਾ ਵੀ ਸ਼ਾਮਲ ਹੈ। SHO ਇਸ ਸਮੇਂ ਥਾਣਾ ਕੋਤਵਾਲੀ ਵਿੱਚ ਤਾਇਨਾਤ ਸੀ ਅਤੇ ਹੁਣ ਫਰਾਰ ਹੈ। ਜਦੋਂ ਕਿ ਚੌਕੀ ਇੰਚਾਰਜ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਦੀ ਪੁਸ਼ਟੀ ਕਰਦਿਆਂ ਐਸਪੀਡੀ ਰਮਨਿੰਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਕਾਰਨ ਕਈ ਪੁਲਿਸ ਅਧਿਕਾਰੀਆਂ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਸੂਤਰਾਂ ਦੀ ਮੰਨੀਏ ਤਾਂ ਜਾਂਚ ਤੋਂ ਬਾਅਦ ਡੀਐਸਪੀ ਸਮੇਤ ਕੁਝ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਐਸਪੀਡੀ ਨੇ ਮਾਮਲੇ ਦੀ ਪੂਰੀ ਜਾਣਕਾਰੀ ਜਾਰੀ ਕਰ ਦਿੱਤੀ ਹੈ।

ਉਥੇ ਹੀ ਐਸ.ਐਸ.ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਵਲੋਂ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਦਿਆਂ ਜਿੱਥੇ ਪੁਲਿਸ ਪਾਰਟੀਆਂ ਵਲੋਂ ਏ.ਐਸ.ਆਈ. ਨੂੰ ਛਾਪੇਮਾਰੀ ਦੌਰਾਨ ਗਿ੍ਫਤਾਰ ਕਰ ਲਿਆ ਗਿਆ ਹੈ ਉੱਥੇ ਹੀ ਸਬ- ਇੰਸਪੈਕਟਰ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 12 ਜੂਨ ਨੂੰ ਸੁਭਾਨਪੁਰ ਇਲਾਕੇ ‘ਚੋਂ ਥਾਣਾ ਦਿਹਾਤੀ ਦੀ ਪੁਲਸ ਨੇ ਇਕ ਨਸ਼ਾ ਤਸਕਰ ਨੂੰ 6 ਕਿਲੋ ਹੈਰੋਇਨ ਅਤੇ 3 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਸੀ, ਜਦੋਂ ਜ਼ਿਲ੍ਹਾ ਕਪੂਰਥਲਾ ਪੁਲੀਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਤੋਂ ਪਹਿਲਾਂ ਐਸਐਚਓ ਅਤੇ ਚੌਕੀ ਇੰਚਾਰਜ ਨੂੰ ਰਿਸ਼ਵਤ ਦੇ ਕੇ ਇੱਕ ਕੇਸ ਚੋਂ ਛੱਡਣ ਦਾ ਭੇਤ ਖੋਲ੍ਹ ਦਿੱਤਾ।

ਮੁਲਜ਼ਮ ਦਾ ਨਾਂ ਗੁਜਰਾਲ ਸਿੰਘ ਉਰਫ ਜੋਗਾ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਹੈ। ਜਾਂਚ ਦੌਰਾਨ ਗੁਜਰਾਲ ਦੇ ਕਹਿਣ ‘ਤੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਠੱਠਾ ਥਾਣਾ ਸਰਹਾਲੀ ਤਰਨਤਾਰਨ ਅਤੇ ਜੋਗਿੰਦਰ ਸਿੰਘ ਉਰਫ਼ ਭਾਈ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਨਾਮਜ਼ਦ ਕਰਕੇ ਪ੍ਰੋਡਕਸ਼ਨ ਵਾਰੰਟ ‘ਤੇ ਰਿਮਾਂਡ ‘ਤੇ ਲਿਆ ਗਿਆ |

ਪੁੱਛਗਿੱਛ ਦੌਰਾਨ ਗੁਜਰਾਲ ਸਿੰਘ ਉਰਫ ਜੋਗਾ ਅਤੇ ਜੋਗਿੰਦਰ ਸਿੰਘ ਉਰਫ ਭਾਈ ਨੇ ਦੱਸਿਆ ਕਿ 12 ਮਾਰਚ 2023 ਨੂੰ ਚੌਕੀ ਬਾਦਸ਼ਾਹਪੁਰ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਨੇ ਗੁਜਰਾਲ ਸਿੰਘ ਉਰਫ ਜੋਗਾ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਐਸਆਈ ਹਰਜੀਤ ਸਿੰਘ ਉਥੇ ਆ ਗਿਆ, ਜੋ ਹੁਣ ਥਾਣਾ ਕੋਤਵਾਲੀ ਵਿੱਚ ਤਾਇਨਾਤ ਸੀ। ਜੋਗਾ 11 ਫਰਵਰੀ 2022 ਨੂੰ ਸੁਲਤਾਨਪੁਰ ਲੋਧੀ ਥਾਣੇ ਵਿੱਚ ਦਰਜ ਐਨਡੀਪੀਐਸ ਐਕਟ ਦੇ ਕੇਸ ਵਿੱਚ ਲੋੜੀਂਦਾ ਸੀ।

ਜੋਗਾ ਨੇ ਦੱਸਿਆ ਕਿ ਉਸ ਦੀ ਪਤਨੀ ਜਗਜੀਤ ਕੌਰ ਮੈਂਡੀ ਗਰੇਵਾਲ ਨੇ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਅਤੇ ਥਾਣਾ ਕੋਤਵਾਲੀ ਦੇ ਐੱਸਐੱਚਓ ਨਾਲ 21 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ ਤਾਂ ਜੋ ਉਸ ਨੂੰ ਪੁਲੀਸ ਤੋਂ ਛੁਡਾਇਆ ਜਾ ਸਕੇ। ਇੱਕ ਲੱਖ ਰੁਪਏ ਐਸਐਚਓ ਹਰਜੀਤ ਸਿੰਘ ਨੇ ਚੌਕੀ ਵਿੱਚ ਹੀ ਲੈ ਲਿਆ ਅਤੇ ਅਗਲੇ ਦਿਨ ਐਸਐਚਓ ਅਤੇ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਬਾਕੀ 19 ਲੱਖ ਰੁਪਏ ਲੈ ਲਏ।

ਜੋਗਾ ਦੇ ਪਿਤਾ ਜੋਗਿੰਦਰ ਸਿੰਘ ਅਤੇ ਸਰਪੰਚ ਰਾਜਪਾਲ ਸਿੰਘ ਦੇ ਭਰਾ ਓਮਕਾਰ ਸਿੰਘ ਉਰਫ਼ ਕਾਰੀ ਵਾਸੀ ਪਿੰਡ ਬੂਟ ਦੀ ਹਾਜ਼ਰੀ ਵਿੱਚ ਚੌਕੀ ਬਾਦਸ਼ਾਹਪੁਰ ਵਿਖੇ ਹਰਜੀਤ ਸਿੰਘ ਵੱਲੋਂ 19 ਲੱਖ ਰੁਪਏ ਅਤੇ ਚੌਕੀ ਇੰਚਾਰਜ ਪਰਮਜੀਤ ਸਿੰਘ ਵੱਲੋਂ ਇੱਕ ਲੱਖ ਰੁਪਏ ਵੱਖਰੇ ਤੌਰ ’ਤੇ ਲਏ ਗਏ। ਰਿਸ਼ਵਤ ਦੀ ਰਕਮ ਲੈਣ ਤੋਂ ਬਾਅਦ ਐਸਐਚਓ ਅਤੇ ਚੌਕੀ ਇੰਚਾਰਜ ਨੇ ਜੋਗਾ ਨੂੰ ਪਿਤਾ ਜੋਗਿੰਦਰ ਸਿੰਘ ਉਰਫ ਭਾਈ ਅਤੇ ਓਂਕਾਰ ਸਿੰਘ ਦੇ ਹਵਾਲੇ ਕਰ ਦਿੱਤਾ।

ਦੂਜੇ ਪਾਸੇ ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਐਸ.ਐਸ.ਪੀ ਕਪੂਰਥਲਾ ਨੂੰ ਸੂਚਿਤ ਕੀਤਾ ਤਾਂ ਐਸ.ਐਸ.ਪੀ ਨੇ ਖੁਦ ਕਮਾਨ ਸੰਭਾਲਦੇ ਹੋਏ ਮਾਮਲੇ ਦੀ ਤਫਤੀਸ਼ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਐਸ.ਐਚ.ਓ ਐਸ.ਆਈ ਹਰਜੀਤ ਸਿੰਘ, ਤਤਕਾਲੀ ਚੌਕੀ ਬਾਦਸ਼ਾਹਪੁਰ ਦੇ ਇੰਚਾਰਜ ਪਰਮਜੀਤ ਸਿੰਘ ਅਤੇ ਪਿੰਡ ਬੂਟ ਦੇ ਸਰਪੰਚ ਦੇ ਭਰਾ ਓਮਕਾਰ ਸਿੰਘ ਖਿਲਾਫ ਥਾਣਾ ਸੁਭਾਨਪੁਰ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, ਆਈਪੀਸੀ ਦੀ ਧਾਰਾ 222 ਅਤੇ 120ਬੀ ਤਹਿਤ ਕੇਸ ਦਰਜ ਕਰਵਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

19 ਜ਼ਿਲ੍ਹਿਆਂ ਦੇ 49 ਮਾਲ ਅਧਿਕਾਰੀਆਂ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, ਵਿਜੀਲੈਂਸ ਨੇ ਚੀਫ਼ ਸੈਕਟਰੀ ਨੂੰ ਭੇਜੀ ਲਿਸਟ

ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੇ ‘ਸਿੱਖ ਗੁਰਦੁਆਰਾ ਸੋਧ ਬਿੱਲ’ ਦਾ ਕੀਤਾ ਵਿਰੋਧ, 26 ਜੂਨ ਨੂੰ ਸੱਦਿਆ ਵਿਸ਼ੇਸ਼ ਇਜਲਾਸ