- ਫਲਿੱਪਕਾਰਟ ਦੇ ਗੋਦਾਮ ‘ਚ ਦੇਰ ਰਾਤ ਹੋਈ ਲੁੱਟ
- ਪਿਸਤੌਲ ਦਿਖਾ ਕੇ 3.50 ਲੱਖ ਦੀ ਨਕਦੀ
- ਮਜ਼ਦੂਰਾਂ ਦੇ 6 ਫੋਨ-ਪਰਸ ਖੋਹੇ
- ਬਾਈਕ ‘ਤੇ ਆਏ 4 ਹਥਿਆਰਬੰਦ ਲੁਟੇਰੇ
ਜਲੰਧਰ, 23 ਜੂਨ 2023 – ਜਲੰਧਰ ਸ਼ਹਿਰ ਦੇ ਸੋਢਲ ਇੰਡਸਟਰੀਅਲ ਏਰੀਆ ‘ਚ ਸਥਿਤ ਫਲਿੱਪਕਾਰਟ ਕੰਪਨੀ ਦੇ ਗੋਦਾਮ ‘ਚੋਂ ਦੇਰ ਰਾਤ ਲੁਟੇਰਿਆਂ ਨੇ 3.50 ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਤੋਂ ਬਿਨਾਂ ਲੁਟੇਰੇ ਗੋਦਾਮ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ 6 ਮੋਬਾਈਲ ਫੋਨ ਅਤੇ ਪਰਸ ਵੀ ਲੈ ਗਏ। ਗੋਦਾਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ 4 ਨਕਾਬਪੋਸ਼ ਹਥਿਆਰਬੰਦ ਲੁਟੇਰੇ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। 3 ਨੇ ਗੁਦਾਮ ਦੇ ਅੰਦਰ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਕਿ ਇੱਕ ਬਾਹਰ ਪਹਿਰਾ ਦੇ ਰਿਹਾ ਸੀ।
ਕਰਮਚਾਰੀਆਂ ਨੇ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਗੋਦਾਮ ਦੇ ਮੈਨੇਜਰ ਦੇ ਸਿਰ ਵੱਲ ਤਾਣ ਦਿੱਤੀ। ਉਸ ਨੂੰ ਕਿਹਾ ਕਿ ਦੱਸ ਕਿ ਨਕਦੀ ਕਿੱਥੇ ਹੈ। ਜਦੋਂ ਮੈਨੇਜਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਉਸ ਦਾ ਕੰਧ ਨਾਲ ਸਿਰ ਮਾਰਿਆ। ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਲਾਈਨ ‘ਚ ਲਗਾ ਕੇ ਫਿਲਮੀ ਅੰਦਾਜ਼ ‘ਚ ਪਹਿਲਾਂ ਉਨ੍ਹਾਂ ਦੇ ਮੋਬਾਇਲ ਅਤੇ ਪਰਸ ਆਪਣੇ ਕਬਜ਼ੇ ‘ਚ ਲੈ ਲਏ।
ਮੁਲਾਜ਼ਮ ਮੰਤਵੀਆ ਨੇ ਦੱਸਿਆ ਕਿ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦੇਣ ਵਾਲੇ ਲੁਟੇਰੇ ਦੀ ਬਾਂਹ ‘ਤੇ ਵੱਡਾ ਟੈਟੂ ਬਣਿਆ ਹੋਇਆ ਸੀ। ਹਾਲਾਂਕਿ ਲੁਟੇਰਿਆਂ ਨੇ ਕੋਈ ਗੋਲੀ ਨਹੀਂ ਚਲਾਈ ਸਗੋਂ ਸਾਰਿਆਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਕਰਮਚਾਰੀ ਅਭਿਸ਼ੇਕ ਨੇ ਦੱਸਿਆ ਕਿ ਲੁਟੇਰੇ ਕੋਲ ਇੱਕ ਸਿਕਸ ਪਿਸਤੌਲ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਫ਼ਰਾਰ ਹੋ ਗਏ।
ਲੁੱਟ ਤੋਂ ਬਾਅਦ ਲੁਟੇਰਿਆਂ ਨੇ ਗੋਦਾਮ ਵਿੱਚ ਕੋਈ ਸਬੂਤ ਨਹੀਂ ਛੱਡਿਆ। ਲੁਟੇਰੇ ਗੋਦਾਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਪੂਰੀ ਰੇਕੀ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਜਿਸ ਤਰੀਕੇ ਨਾਲ ਡੀਵੀਆਰ ਲੈ ਕੇ ਗਏ ਜਿੱਥੋਂ ਨਕਦੀ ਹੈ, ਉਸ ਵਿੱਚ ਕੰਪਨੀ ਦੇ ਕਿਸੇ ਮੁਲਾਜ਼ਮ ਦਾ ਵੀ ਹੱਥ ਹੋਣ ਦਾ ਸ਼ੱਕ ਹੈ।
ਏਸੀਪੀ ਨਾਰਥ ਦਮਨਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਰਹੀ ਹੈ। ਲੁਟੇਰਿਆਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਲੁਟੇਰਿਆਂ ਦੇ ਆਉਣ-ਜਾਣ ਦੇ ਰੂਟ ਨੂੰ ਦੇਖ ਕੇ ਉਨ੍ਹਾਂ ਦੀ ਭਾਲ ਕੀਤੀ ਜਾਵੇਗੀ। ਗੋਦਾਮ ਦੇ ਮੁਲਾਜ਼ਮਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।