ਲੁਧਿਆਣਾ, 23 ਜੂਨ 2023 – ਲੁਧਿਆਣਾ ‘ਚ ਦਿੱਲੀ ਨੈਸ਼ਨਲ ਹਾਈਵੇ ‘ਤੇ ਹੀਰੋ ਸਾਈਕਲਜ਼ ਨੇੜੇ ਪੁਲ ‘ਤੇ ਤੇਲ ਦਾ ਟੈਂਕਰ ਪਲਟ ਗਿਆ। ਟੈਂਕਰ ਦੀ ਬਾਈਕ ਸਵਾਰ ਨਾਲ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਫਰਾਰ ਹੋ ਗਿਆ। ਟੈਂਕਰ ਗਲਤ ਸਾਈਡ ਤੋਂ ਆ ਰਿਹਾ ਸੀ। ਇਹ ਕਾਲੇ ਤੇਲ ਨਾਲ ਭਰਿਆ ਹੋਇਆ ਸੀ। ਇਹ ਟੈਂਕਰ ਪੰਜਾਬ ਆਇਲ ਦਾ ਹੈ, ਜੋ ਪਾਣੀਪਤ ਤੋਂ ਆ ਰਿਹਾ ਸੀ।
ਟੈਂਕਰ ਪਲਟਣ ਤੋਂ ਬਾਅਦ ਤੇਲ ਸੜਕ ‘ਤੇ ਫੈਲ ਗਿਆ। ਪੁਲ ‘ਤੇ ਕਈ ਵਾਹਨ ਤਿਲਕਦੇ ਦੇਖੇ ਗਏ। ਹਾਦਸੇ ਤੋਂ ਤੁਰੰਤ ਬਾਅਦ ਲੋਕਾਂ ਨੇ ਡਰਾਈਵਰ ਨੂੰ ਟੈਂਕਰ ‘ਚੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਲੱਤ ਟੁੱਟ ਗਈ ਹੈ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਟੈਂਕਰ ਦਾ ਮਾਲਕ ਮੌਕੇ ‘ਤੇ ਨਹੀਂ ਪਹੁੰਚਿਆ ਹੈ।
ਜ਼ਖਮੀ ਡਰਾਈਵਰ ਦਾ ਨਾਂ ਗੁਰਵਿੰਦਰ ਸਿੰਘ ਹੈ। ਉਹ ਟੈਂਕਰ ਲੈ ਕੇ ਟਰਾਂਸਪੋਰਟ ਨਗਰ ਜਾ ਰਿਹਾ ਸੀ। ਟਰੈਫਿਕ ਪੁਲੀਸ ਵੱਲੋਂ ਵਾਹਨ ਚਾਲਕਾਂ ਨੂੰ ਹਾਈਵੇਅ ’ਤੇ ਹੌਲੀ-ਹੌਲੀ ਗੱਡੀ ਚਲਾਉਣ ਦੀ ਹਦਾਇਤ ਕੀਤੀ ਜਾ ਰਹੀ ਹੈ। ਮੌਕੇ ’ਤੇ ਜਾਮ ਲੱਗ ਗਿਆ, ਜਿਸ ਨੂੰ ਪੁਲੀਸ ਮੁਲਾਜ਼ਮਾਂ ਨੇ ਆ ਕੇ ਖੁੱਲ੍ਹਵਾਇਆ।