ਜਲੰਧਰ, 23 ਜੂਨ 2023 – ਜਲੰਧਰ ਸ਼ਹਿਰ ‘ਚ ਸਕੂਟੀ ‘ਤੇ ਸਵਾਰ ਹੋ ਕੇ ਜਾ ਰਹੇ 3 ਜਾਣਿਆ ਨੂੰ ਚਲਾਨ ਹੋਣ ਤੋਂ ਬਚਣ ਲਈ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਦੇਖ ਕੇ ਕੱਟ ਮਾਰਨਾ ਮਹਿੰਗਾ ਪੈ ਗਿਆ। ਚਲਾਨ ਤੋਂ ਬਚਣ ਲਈ ਜਦੋਂ ਸਕੂਟਰੀ ਚਲੇ ਰਹੇ ਨੌਜਵਾਨ ਨੇ ਕੱਟ ਮਾਰਿਆ ਤਾਂ ਸਕੂਟੀ ਤਿਲਕਣ ਕਾਰਨ ਤਿੰਨੋਂ ਜਾਣੇ ਸੜਕ ‘ਤੇ ਡਿੱਗ ਗਏ ਅਤੇ ਜ਼ਖਮੀ ਹੋ ਗਏ। ਫੇਰ ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਭੱਜ ਕੇ ਤਿੰਨਾਂ ਨੂੰ ਚੁੱਕਿਆ।
ਦਰਅਸਲ ਇਨ੍ਹੀਂ ਦਿਨੀਂ ਟਰੈਫਿਕ ਪੁਲਿਸ ਨੇ ਟ੍ਰਿਪਲ ਰਾਈਡਿੰਗ ਅਤੇ ਬੁਲੇਟ ਪਟਾਕੇ ਚਲਾਉਣ ਵਾਲਿਆਂ ‘ਤੇ ਸਖ਼ਤੀ ਕੀਤੀ ਹੋਈ ਹੈ। ਇਸ ਕਾਰਨ ਟ੍ਰੈਫਿਕ ਪੁਲੀਸ ਨੇ ਮਾਡਲ ਟਾਊਨ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਹੁੱਲੜਬਾਜ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਦੌਰਾਨ ਜਦੋਂ ਤਿੰਨ ਜਾਣੇ ਸਕੂਟੀ ’ਤੇ ਸਵਾਰ ਹੋ ਕੇ ਆਏ ਤਾਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਇਸ ‘ਤੇ ਸਕੂਟੀ ਚਲਾ ਰਹੇ ਨੌਜਵਾਨ ਨੇ ਪਹਿਲਾਂ ਬੜੀ ਹੁਸ਼ਿਆਰੀ ਨਾਲ ਸਕੂਟੀ ਨੂੰ ਟ੍ਰੈਫਿਕ ਪੁਲਸ ਮੁਲਾਜ਼ਮਾਂ ਕੋਲ ਪਹੁੰਚਾਇਆ ਅਤੇ ਨੇੜੇ ਪਹੁੰਚ ਕੇ ਕੱਟ ਮਾਰ ਕੇ ਭੱਜਣ ਲੱਗੇ ਸੀ। ਇਸ ਦੌਰਾਨ ਸਕੂਟੀ ਦਾ ਸੰਤੁਲਨ ਵਿਗੜ ਗਿਆ ਅਤੇ ਤਿੰਨੋਂ ਸਕੂਟੀ ਤੋਂ ਡਿੱਗ ਗਏ। ਟਰੈਫਿਕ ਪੁਲੀਸ ਦੇ ਮੁਲਾਜ਼ਮ ਤੁਰੰਤ ਭੱਜ ਕੇ ਕੋਲ ਗਏ ਅਤੇ ਤਿੰਨਾਂ ਨੂੰ ਅਤੇ ਸਕੂਟੀ ਨੂੰ ਚੁੱਕਿਆ। ਹਾਦਸੇ ਵਿੱਚ ਤਿੰਨੋਂ ਜ਼ਖ਼ਮੀ ਹੋ ਗਏ।
ਇਹ ਸਾਰੀ ਘਟਨਾ ਨੇੜੇ ਦੇ ਇੱਕ ਕੋਠੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਦਸੇ ਵਿੱਚ ਦੋ ਨੌਜਵਾਨ ਲੜਕੀਆਂ ਅਤੇ ਇੱਕ ਲੜਕਾ ਜ਼ਖ਼ਮੀ ਹੋ ਗਏ। ਟਰੈਫਿਕ ਪੁਲੀਸ ਨੇ ਉਨ੍ਹਾਂ ਦਾ ਚਲਾਨ ਨਹੀਂ ਕੀਤਾ, ਸਗੋਂ ਸਾਰਿਆਂ ਦਾ ਹਾਲ-ਚਾਲ ਪੁੱਛ ਕੇ ਘਰ ਜਾਣ ਲਈ ਕਿਹਾ।