- ਕਿਹਾ, ”ਕੋਈ ਯੋਗ ਲੋੜਵੰਦ ਲਾਭਪਾਤਰੀ ਰਾਸ਼ਨ ਕਾਰਡ ਤੋਂ ਵਾਂਝਾ ਨਾ ਰਹੇ”
ਪਟਿਆਲਾ, 23 ਜੂਨ 2023 – ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਜ਼ਿਲ੍ਹੇ ਅੰਦਰ ਲੋੜਵੰਦ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਕੱਟੇ ਜਾਣ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਏ.ਸੀ.ਐਫ.ਏ. ਰਾਕੇਸ਼ ਗਰਗ, ਤਹਿਸੀਲਵਾਈਜ਼ ਇੰਸਪੈਕਟਰ ਤੇ ਨਿਰੀਖਕਾਂ ਤੋਂ ਇਲਾਵਾ ਉਪ ਅਰਥ ਅਤੇ ਅੰਕੜਾ ਸਲਾਹਕਾਰ ਦਫ਼ਤਰ ਦੇ ਇਨਵੈਸਟੀਗੇਟਰ ਬਿਕਰਮਜੀਤ ਸਿੰਘ ਤੇ ਕੁਲਇੰਦਰਜੀਤ ਸਿੰਘ ਹਾਜਰ ਰਹੇ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਜ਼ਿਲ੍ਹੇ ਅੰਦਰ ਲੋੜਵੰਦ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲਾਭਪਾਤਰੀਆਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਬਾਰੇ ਪੁੱਛਿਆ ਅਤੇ ਕਿਹਾ ਕਿ ਲੋੜਵੰਦ ਨਾਗਰਿਕਾਂ ਦੀ ਪੜਤਾਲ ਕਰਵਾਕੇ ਉਨ੍ਹਾਂ ਦੇ ਰਾਸ਼ਨ ਕਾਰਡ ਮੁੜ ਸੁਰਜੀਤ ਕੀਤੇ ਜਾਣ। ਉਨ੍ਹਾਂ ਨੇ ਹਦਾਇਤ ਕੀਤੀ ਕਿ ਕਿਸੇ ਵੀ ਲੋੜਵੰਦ ਤੇ ਗਰੀਬ ਲਾਭਪਾਤਰੀ ਦਾ ਰਾਸ਼ਨ ਕਾਰਡ ਗ਼ਲਤ ਢੰਗ ਨਾਲ ਨਾ ਕੱਟਿਆ ਜਾਵੇ।
ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਕਣਕ ਧਾਰਕ ਲਾਭਪਾਤਰੀਆਂ ਦੇ ਕਾਰਡਾਂ ਦੀ ਪੜਤਾਲ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਅਤੇ ਤਹਿਸੀਲਦਾਰ ਪੱਧਰ ‘ਤੇ ਕੀਤੀ ਗਈ ਹੈ ਤੇ ਇਸ ਉਪਰੰਤ ਵਿਭਾਗ ਨੂੰ ਜਿਹੜੀ ਸੂਚੀ ਮੁਹੱਈਆ ਕਰਵਾਈ ਗਈ ਹੈ, ਉਸ ਅਨੁਸਾਰ ਹੀ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੇ ਢੁੱਕਵੀਂ ਕਾਰਵਾਈ ਕੀਤੀ ਹੈ।
ਉਨ੍ਹਾਂ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੇ ਧਿਆਨ ਵਿੱਚ ਲਿਆਂਦਾ ਕਿ ਜ਼ਿਲ੍ਹਾ ਪਟਿਆਲਾ ਵਿੱਚ 941 ਡਿਪੂ ਚੱਲ ਰਹੇ ਹਨ ਅਤੇ 850 ਨਵੇਂ ਡਿਪੂ ਅਲਾਟ ਕਰਨ ਲਈ ਕਾਰਵਾਈ ਚੱਲ ਰਹੀ ਹੈ ਜਦਕਿ ਜ਼ਿਲ੍ਹੇ ਅੰਦਰ 567 ਸੈਲਰ ਚੱਲ ਰਹੇ ਹਨ।
ਚੇਅਰਮੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਣਕ ਧਾਰਕ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਲਾਭ ਦਿੱਤਾ ਜਾਵੇ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਜਿਹੜੇ ਲੋੜਵੰਦ ਲੋਕਾਂ ਦੀ ਕਣਕ ਕੱਟ ਗਈ ਹੈ ਉਹ ਆਪਣੇ ਸ਼ਹਿਰ ਦੇ ਫੂਡ ਸਪਲਾਈ ਦਫ਼ਤਰ ਵਿੱਚ ਆਪਣੀ ਮੁੜ ਪੜਤਾਲ ਕਰਵਾਉਣ ਲਈ ਅਰਜੀ ਪੱਤਰ ਦੇ ਸਕਦੇ ਹਨ।ਉਨ੍ਹਾਂ ਕਿਹਾ ਜਿਹੜੇ ਲੋੜਵੰਦ ਤੇ ਗਰੀਬੀ ਰੇਖਾ ਤੋਂ ਹੇਠ ਰਹਿ ਰਹੇ ਲੋਕਾਂ ਦੀ ਕਣਕ ਕੱਟੀ ਗਈ ਹੈ ਉਹ ਮੁੜ ਪੜਤਾਲ ਕਰਕੇ ਉਨ੍ਹਾਂ ਦੇ ਰਾਸ਼ਨ ਕਾਰਡ ਬਹਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੁਲਾਕਾਤ ਕਰਕੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ।