ਐਂਗਲੋ ਸਿੱਖ ਵਾਰ ਸਰਕਟ, ਪੰਜਾਬ ਨੂੰ 15.5 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ ਅਪਗ੍ਰੇਡ – ਅਨਮੋਲ ਗਗਨ ਮਾਨ

  • ਫਿਰੋਜ਼ਪੁਰ ਦੇ ਇਤਿਹਾਸਕ ਤੇ ਵਿਰਾਸਤੀ ਸਥਾਨਾਂ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ
  • ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਤੇ ਐਗਲੋ ਸਿੱਖ ਵਾਰ ਮੈਮਰੀਅਲ ਫਿਰੋਜ਼ਸ਼ਾਹ ਦੇ ਵਿਕਾਸ ਦੇ ਕੰਮਾਂ ਦੀ ਕੀਤੀ ਸ਼ੁਰੂਆਤ
  • ਸਮਾਗਮਾਂ ਦੌਰਾਨ ਵਿਧਾਇਕ ਰਣਬੀਰ ਸਿੰਘ ਭੁੱਲਰ, ਰਜ਼ਨੀਸ ਦਹੀਆ, ਫੌਜਾ ਸਿੰਘ ਸਰਾਰੀ ਅਤੇ ਨਰੇਸ਼ ਕਟਾਰੀਆ ਵਿਸ਼ੇਸ਼ ਤੌਰ ਤੇ ਰਹੇ ਮੌਜੂਦ

ਫਿਰੋਜ਼ਪੁਰ 23 ਜੂਨ 2023 – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਇਤਿਹਾਸਿਕ ਤੇ ਵਿਰਾਸਤੀ ਮਹੱਤਤਾ ਵਾਲੀਆਂ ਥਾਵਾਂ ਦੇ ਸਰਵਪੱਖੀ ਵਿਕਾਸ ਲਈ ਯੋਜਨਾ ਉਲੀਕੀ ਗਈ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਆਕਰਸ਼ਿਤ ਹੋ ਸਕਣ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮਿਸ. ਅਨਮੋਲ ਗਗਨ ਮਾਨ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਦਾ ਨੀਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਵਿਚਾਂਰ ਸਾਂਝੇ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਿਰੋਜ਼ਸ਼ਾਹ ਵਿਖੇ ਸਥਿਤ ਐਂਗਲੋ ਸਿੱਖ ਵਾਰ ਮੈਮੋਰੀਅਲ ਸਮੇਤ ਹੋਰ ਯਾਦਗਾਰਾਂ ਨੂੰ ਐਗਲੋਂ ਸਿੱਖ ਵਾਰ ਸਰਕਟ ਪੰਜਾਬ ਤਹਿਤ ਅਪਗ੍ਰੇਡ ਕਰਨ ਲਈ 15.5 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜ਼ਨੀਸ ਦਹੀਆ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਅਤੇ ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਤੇ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੈਡਮ ਅੰਮ੍ਰਿਤ ਸਿੰਘ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਮਿਸ. ਗਗਨ ਅਨਮੋਲ ਮਾਨ ਨੇ ਦੱਸਿਆ ਕਿ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋਂ ਐਂਗਲੋ ਸਿੱਖ ਵਾਰ ਸਰਕਟ ਅਧੀਨ 9.98 ਕਰੋੜ ਦੀ ਲਾਗਤ ਨਾਲ ਐਂਗਲੋ ਸਿੱਖ ਵਾਰ ਅਜ਼ਾਇਬਘਰ ਦਾ ਨਵੀਨੀਕਰਨ, 1.70 ਕਰੋੜ ਦੀ ਲਾਗਤ ਨਾਲ ਸਾਰਾਗੜ੍ਹੀ ਅਜਾਇਬ ਘਰ, 98.95 ਲੱਖ ਰੁਪਏ ਦੀ ਲਾਗਤ ਨਾਲ ਮੁੱਦਕੀ ਮੈਮੋਰੀਅਲ, 82.89 ਲੱਖ ਰੁਪਏ ਦੀ ਲਾਗਤ ਨਾਲ ਸਭਰਾਓਂ, 22.36 ਲੱਖ ਰੁਪਏ ਦੀ ਲਾਗਤ ਨਾਲ ਮਿਸਰੀਵਾਲ, 67.88 ਲੱਖ ਦੀ ਲਾਗਤ ਨਾਲ ਫਿਰੋਜ਼ਸ਼ਾਹ ਮੈਮੋਰੀਅਲ ਅਤੇ 70.44 ਲੱਖ ਰੁਪਏ ਦੀ ਲਾਗਤ ਨਾਲ ਅਲੀਵਾਲ ਮੈਮੋਰੀਅਲ (ਲੁਧਿਆਣਾ) ਨੂੰ ਨਵੀਨਤਮ ਤਕਨਾਲੋਜੀ ਨਾਲ ਅਪਗ੍ਰੇਡ ਕੀਤਾ ਜਾਣਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਕ ਸਥਾਨਾਂ ਲਈ ਕਈ ਸੂਰਵੀਰ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਦੀ ਸਾਂਭ ਸੰਭਾਲ ਕਰੀਏ, ਜਿਸ ਕਰ ਕੇ ਇਨ੍ਹਾਂ ਸ਼ਹੀਦੀਆਂ ਅਤੇ ਇਤਿਹਾਸਕ ਸਥਾਨਾਂ ਬਾਰੇ ਅੱਜ ਦੀ ਪੀੜੀ ਨੂੰ ਜਾਣੂ ਕਰਵਾਉਣ ਲਈ ਇਨ੍ਹਾਂ ਨੂੰ ਅਪਗ੍ਰੇਡ ਕਰਨਾ ਅਤੇ ਸੈਲਾਨੀਆਂ ਲਈ ਸਹੂਲਤਾਂ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਕ ਸਥਾਨਾਂ ਦੇ ਵਿਕਾਸ ਲਈ ਤੇ ਇੱਥੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਤਿਹਾਸਕ ਮਹੱਤਤਾ ਵਾਲੇ ਤੇ ਸੱਭਿਆਚਾਰਕ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਿਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਫਿਰੋਜ਼ਪੁਰ ਦਾ ਬਸੰਤ ਮੇਲਾ ਵੀ ਰਾਜ ਪੱਧਰ ਤੇ ਮਨਾਇਆ ਜਾਵੇਗਾ ਤੇ ਇਸ ਲਈ ਵੱਖ-ਵੱਖ ਪਤੰਗਬਾਜੀ ਦੇ ਮੁਕਾਬਲਿਆਂ ਲਈ 10 ਲੱਖ ਰੁਪਏ ਦੀ ਇਲਾਮੀ ਰਾਸ਼ੀ ਰੱਖੀ ਗਈ ਹੈ।

ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਰਜ਼ਨੀਸ ਦਹੀਆ ਨੇ ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਸਰਕਾਰਾਂ ਵੱਲੋਂ ਰਾਜ ਦੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਦੇ ਵਿਕਾਸ ਦੇ ਕੰਮਾਂ ਨੂੰ ਅਣਗੋਲਿਆਂ ਗਿਆ ਸੀ ਪਰ ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਅਤੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।

ਇਸ ਉਪਰੰਤ ਵਿਧਾਇਕ ਰਜਨੀਸ਼ ਦਹੀਆ ਨੇ ਐਗਲੋ ਸਿੱਖ ਵਾਰ ਮੈਮੋਰੀਅਲ ਦੇ ਨਵੀਨੀਕਰਨ ਦਾ ਉਦਘਾਟਨ ਕਰਨ ਮੌਕੇ ਉਨ੍ਹਾਂ ਨੂੰ ਜੀ ਆਇਆ ਕਿਹਾ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਮਿਸ. ਅਨਮੋਲ ਗਗਨ ਮਾਨ ਦਾ ਸਿੱਖ ਵਾਰ ਮੈਮੋਰੀਅਲ ਦੇ ਨਵੀਨੀਕਰਨ ਲਈ ਕੀਤੇ ਗਏ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਨੇ ਕੈਬਨਿਟ ਮੰਤਰੀ ਨੂੰ ਜੀ ਆਇਆ ਕਿਹਾ ਅਤੇ ਫਿਰੋਜ਼ਪੁਰ ਵਿਖੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਕਰਨ ਲਈ ਧੰਨਵਾਦ ਕੀਤਾ।

ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ ਅਤੇ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਮਿਸ ਅਨਮੋਲ ਗਗਨ ਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਐਂਗਲੋ ਸਿੱਖ ਵਾਰ ਸਰਕਟ ਨੂੰ ਅਪਗ੍ਰੇਡ ਕਰਨ ਨਾਲ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕ ਰਾਜ ਦੇ ਗੌਰਵਮਈ ਇਤਿਹਾਸਕ ਸਥਾਨਾਂ ਦੀ ਮਹੱਤਤਾ ਤੇ ਸੱਭਿਆਚਾਰਕ ਤੋਂ ਜਾਣੂੰ ਵੀ ਹੋਣਗੇ ਅਤੇ ਇੱਥੇ ਘੁੰਮਣ ਵਿੱਚ ਰੁਚੀ ਮਹਿਸੂਸ ਕਰਨਗੇ।

ਇਸ ਮੌਕੇ ਐੱਸ.ਐੱਸ.ਪੀ. ਭੁਪਿੰਦਰ ਸਿੰਘ, ਐਸਡੀਐਮ ਫਿਰੋਜ਼ਪੁਰ ਸ. ਰਣਜੀਤ ਸਿੰਘ, ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਐਕਸੀਅਨ ਬੀ.ਐੱਸ. ਚਾਨਾ, ਨਾਇਬ ਤਹਿਸੀਲਦਾਰ ਰਾਕੇਸ਼ ਅਗਰਵਾਲ, ਚੇਅਰਮੈਨ ਮਾਰਕਿਟ ਕਮੇਟੀ ਬਲਰਾਜ ਕਟੋਰਾ, ਰੋਬੀ ਸੰਧੂ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਬੇਦਕਰ ਇੰਸਟੀਚਿਊਟ ਦੀ ਇਮਾਰਤ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 1.47 ਕਰੋੜ ਰੁਪਏ ਜਾਰੀ: ਡਾ.ਬਲਜੀਤ ਕੌਰ

ਇੱਕ ਮਹੀਨੇ ਵਿੱਚ ਚੌਥੀ ਵਾਰ ਆਇਆ ਭੂਚਾਲ, ਪੰਜਾਬ ‘ਚ ਵੀ ਮਹਿਸੂਸ ਹੋਏ ਝਟਕੇ