ਤਰਨਤਾਰਨ, 24 ਜੂਨ 2023 – ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਸ਼ਨੀਵਾਰ ਸਵੇਰੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਪਾਕਿਸਤਾਨੀ ਸਮੱਗਲਰਾਂ ਦਾ ਡਰੋਨ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਹੈ। ਆਵਾਜ਼ ਸੁਣ ਕੇ ਬੀਐਸਐਫ ਨੇ ਗੋਲੀ ਚਲਾ ਕੇ ਡਿੱਗੇ ਡਰੋਨ ਨੂੰ ਬਰਾਮਦ ਕਰ ਲਿਆ। ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਇਸ ਨਾਲ ਸਬੰਧਤ ਹੋਰ ਸ਼ੱਕੀ ਵਸਤੂਆਂ ਨੂੰ ਵੀ ਬਰਾਮਦ ਕੀਤਾ ਜਾ ਸਕੇ।
ਬੀਐਸਐਫ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਤਰਨਤਾਰਨ ਦੇ ਸਰਹੱਦੀ ਪਿੰਡ ਲਖਨਾ ਵਿੱਚ ਵਾਪਰੀ। ਬੀਐਸਐਫ ਦੇ ਜਵਾਨ ਗਸ਼ਤ ‘ਤੇ ਸਨ ਜਦੋਂ ਉਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਆਵਾਜ਼ ਆਉਣੀ ਬੰਦ ਹੋ ਗਈ। ਜਵਾਨਾਂ ਵੱਲੋਂ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਡਰੋਨ ਸਵੇਰੇ ਹੀ ਖੇਤਾਂ ਵਿੱਚ ਡਿੱਗਿਆ ਮਿਲਿਆ।
ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਬਰਾਮਦ ਕਰ ਕੇ ਸੁਰੱਖਿਅਤ ਰੱਖ ਲਿਆ ਹੈ। ਮੁੱਢਲੀ ਜਾਂਚ ਤੋਂ ਬਾਅਦ ਜਲਦੀ ਹੀ ਇਸ ਡਰੋਨ ਨੂੰ ਬਰਾਮਦ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਇਸ ਦੀਆਂ ਉਡਾਣਾਂ, ਸਥਿਤੀ ਅਤੇ ਉਡਾਣ ਦੇ ਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
ਦੋ ਦਿਨ ਪਹਿਲਾਂ ਪੰਜਾਬ ਦੇ ਫਾਜ਼ਿਲਕਾ ਵਿੱਚ ਵੀ ਇੱਕ ਡਰੋਨ ਨੂੰ ਡੇਗਿਆ ਗਿਆ ਸੀ। ਇਹ ਡਰੋਨ ਫਾਜ਼ਿਲਕਾ ਦੇ ਪਿੰਡ ਜੋਧੇਵਾਲਾ ਤੋਂ ਬਰਾਮਦ ਕੀਤਾ ਗਿਆ ਹੈ। ਇਸ ਡਰੋਨ ਦੇ ਨਾਲ ਹੀ ਪਾਕਿਸਤਾਨੀ ਸਮੱਗਲਰਾਂ ਵੱਲੋਂ ਤਸਕਰੀ ਕੀਤੀ ਜਾ ਰਹੀ 2 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ।