- ਲੁਟੇਰੇ 25 ਹਜ਼ਾਰ ਰੁਪਏ ਲੁੱਟ ਕੇ ਹੋਏ ਫਰਾਰ
- ਵਾਰਦਾਤ CCTV ‘ਚ ਹੋਈ ਕੈਦ
ਅੰਮ੍ਰਿਤਸਰ, 27 ਜੂਨ 2023 – ਅੰਮ੍ਰਿਤਸਰ ‘ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟ ਲਿਆ। ਲੁਟੇਰੇ ਉਥੋਂ 25 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਅਤੇ ਜਾਂਦੇ ਸਮੇਂ ਸੇਲਜ਼ਮੈਨ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਇਹ ਸਾਰੀ ਘਟਨਾ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਇਹ ਘਟਨਾ ਸੋਮਵਾਰ ਦੇਰ ਸ਼ਾਮ ਮਹਿਤਾ ਚੌਕ ਵਿਖੇ ਵਾਪਰੀ। ਪੈਟਰੋਲ ਪੰਪ ‘ਤੇ ਸਾਰੇ ਕਰਮਚਾਰੀ ਰੋਜ਼ਾਨਾ ਵਾਂਗ ਆਪਣੇ ਕੰਮ ‘ਚ ਰੁੱਝੇ ਹੋਏ ਸਨ। ਇਸ ਦੌਰਾਨ ਮੋਟਰਸਾਈਕਲ ‘ਤੇ 3 ਨੌਜਵਾਨ ਆ ਗਏ। ਤਿੰਨਾਂ ਦੇ ਮੂੰਹ ਢਕੇ ਹੋਏ ਸਨ। ਇਕ ਲੁਟੇਰਾ ਬਾਈਕ ‘ਤੇ ਹੀ ਰਿਹਾ, ਜਦਕਿ 2 ਲੁਟੇਰਿਆਂ ਨੇ ਬਾਈਕ ਤੋਂ ਉਤਰਦੇ ਹੀ ਪਿਸਤੌਲ ਕੱਢ ਲਈ।
ਇਹ ਦੇਖ ਕੇ ਪੈਟਰੋਲ ਪਾ ਕੇ ਨਕਦੀ ਲੈਣ ਵਾਲਾ ਨੌਜਵਾਨ ਪਿੱਛੇ ਹਟਣ ਲੱਗਾ। ਲੁਟੇਰਿਆਂ ਨੇ ਉਸੇ ਸਮੇਂ ਉਸ ਦੀ ਲੱਤ ‘ਤੇ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਲੁਟੇਰੇ ਉਸ ਦੇ ਨੇੜੇ ਗਏ ਅਤੇ ਉਸ ਦੀ ਜੇਬ ਵਿਚ ਰੱਖੇ 25 ਹਜ਼ਾਰ ਰੁਪਏ ਕੱਢ ਲਏ।
ਪੁਲੀਸ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਅਤੇ ਜ਼ਖ਼ਮੀ ਮੁਲਾਜ਼ਮ ਦੇ ਬਿਆਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਸ ਸਪਲੈਂਡਰ ਮੋਟਰਸਾਈਕਲ ’ਤੇ ਲੁਟੇਰੇ ਆਏ ਸਨ, ਉਸ ਦਾ ਨੰਬਰ ਨਹੀਂ ਸੀ। ਪੁਲੀਸ ਨੇ ਲੁਟੇਰਿਆਂ ਦੇ ਟਿਕਾਣੇ ਅਤੇ ਗਤੀਵਿਧੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।