ਪੰਜਾਬ ‘ਚ ਅੱਜ ਰੋਡਵੇਜ਼ ਦਾ ਚੱਕਾ ਜਾਮ: ਸਰਕਾਰੀ ਬੱਸਾਂ ਦੇ ਰੁਕੇ ਪਹੀਏ, ਦੋ ਦਿਨ ਰਹੇਗੀ ਹੜਤਾਲ

  • 27 ਅਤੇ 28 ਜੂਨ ਨੂੰ ਦੋ ਦਿਨ ਰਹੇਗਾ ਚੱਕਾ ਜਾਮ
  • ਕੰਟਰੈਕਟ ਵਰਕਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ
  • ਹਾਈਵੇ ਜਾਮ ਕਰਨ ਦੀ ਦਿੱਤੀ ਚੇਤਾਵਨੀ

ਚੰਡੀਗੜ੍ਹ, 27 ਜੂਨ 2023 – ਪੰਜਾਬ ਵਾਸੀਆਂ ਲਈ ਬਹੁਤ ਹੀ ਅਹਿਮ ਖਬਰ। ਜੇਕਰ ਤੁਸੀਂ ਅੱਜ ਪਨਬੱਸ, ਰੋਡਵੇਜ਼ ਜਾਂ ਪੈਪਸੂ ਦੀ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਅੱਜ ਪੰਜਾਬ ‘ਚ ਰੋਡਵੇਜ਼ ਦਾ ਚੱਕ ਜਾਮ ਹੈ। ਅੱਜ ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਠੇਕੇ ’ਤੇ ਕੰਮ ਕਰਦੇ ਡਰਾਈਵਰ ਤੇ ਕੰਡਕਟਰ ਹੜਤਾਲ ’ਤੇ ਹਨ। ਜਿਸ ਕਾਰਨ ਅੱਜ ਪੂਰੇ ਸੂਬੇ ਵਿੱਚ 3 ਹਜ਼ਾਰ ਬੱਸਾਂ ਦੇ ਪਹੀਏ ਜਾਮ ਹੋ ਗਏ ਹਨ।

ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਵਿਭਾਗ ਦੇ ਐਮਡੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ ਪਰ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਮੁਲਾਜ਼ਮ ਯੂਨੀਅਨ ਨੇ 27 ਅਤੇ 28 ਜੂਨ ਨੂੰ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਹੈ।

ਫਿਲਹਾਲ ਮੁਲਾਜ਼ਮਾਂ ਨੇ ਰਾਤ 12 ਵਜੇ ਤੋਂ ਬਾਅਦ ਬੱਸਾਂ ਨੂੰ ਬੱਸ ਸਟੈਂਡ ਜਾਂ ਰੋਡਵੇਜ਼ ਡਿਪੂਆਂ ‘ਤੇ ਖੜ੍ਹੀਆਂ ਕਰ ਦਿੱਤੀਆਂ ਹਨ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਇਸ ਕਦਮ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ਪਰ ਉਹ ਵੀ ਬੇਵੱਸ ਹਨ। ਜੇਕਰ ਸਰਕਾਰ ਨਾ ਮੰਨੀ ਤਾਂ ਉਨ੍ਹਾਂ ਨੂੰ ਹਾਈਵੇਅ ਜਾਮ ਕਰਨ ਵਰਗੇ ਕਦਮ ਚੁੱਕਣੇ ਪੈ ਸਕਦੇ ਹਨ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਟਰਾਂਸਪੋਰਟ ਕਮਾਊ ਹੈ, ਦੂਜੇ ਪਾਸੇ 2-2 ਮਹੀਨਿਆਂ ਬਾਅਦ ਤਨਖਾਹ ਮਿਲ ਰਹੀ ਹੈ।

ਸਰਕਾਰ ਨੇ ਕਿਹਾ ਸੀ ਕਿ ਕਿਸੇ ਵੀ ਵਿਭਾਗ ਵਿੱਚ ਆਊਟਸੋਰਸ ਭਰਤੀ ਨਹੀਂ ਹੋਵੇਗੀ, ਸਗੋਂ ਸਿੱਧੀ ਭਰਤੀ ਹੋਵੇਗੀ, ਪਰ ਫਿਰ ਵੀ ਸਰਕਾਰ ਪਿਛਲੇ ਦਰਵਾਜ਼ੇ ਤੋਂ ਆਊਟਸੋਰਸਿੰਗ ਰਾਹੀਂ ਅਸਾਮੀਆਂ ਭਰ ਰਹੀ ਹੈ। ਮੁਲਾਜ਼ਮਾਂ ਨੇ ਪਿਛਲੇ ਦਿਨੀਂ ਟਰਾਂਸਪੋਰਟ ਵਿਭਾਗ ਦੇ ਐਮਡੀ ਨਾਲ ਮੀਟਿੰਗ ਵੀ ਕੀਤੀ ਸੀ, ਜਿਸ ਵਿੱਚ ਬੱਸਾਂ ਦੀ ਸਰਵਿਸ, ਈਂਧਨ ਅਤੇ ਟਾਇਰਾਂ ਦਾ ਮਾਮਲਾ ਉਠਾਇਆ ਗਿਆ ਸੀ, ਪਰ ਇਸ ਮੀਟਿੰਗ ਦੇ ਨਾਕਾਮ ਰਹਿਣ ਤੋਂ ਬਾਅਦ ਮੁਲਾਜ਼ਮਾਂ ਵਿੱਚ ਰੋਸ ਹੈ।

ਪੰਜਾਬ ਰੋਡਵੇਜ਼ ਪਨਬੱਸ ਅਤੇ ਪੈਪਸੂ ਦੀ ਮੌਜੂਦਾ ਸਥਿਤੀ ਇਹ ਹੈ ਕਿ ਉਨ੍ਹਾਂ ਕੋਲ ਰੈਗੂਲਰ ਸਟਾਫ਼ ਬਹੁਤ ਘੱਟ ਹੈ। ਬਹੁਤ ਸਾਰਾ ਸਟਾਫ਼ ਸੇਵਾਮੁਕਤ ਹੋ ਚੁੱਕਾ ਹੈ, ਪਰ ਉਨ੍ਹਾਂ ਦੀ ਥਾਂ ‘ਤੇ ਨਾ ਤਾਂ ਰੈਗੂਲਰ ਭਰਤੀ ਕੀਤੀ ਗਈ ਹੈ ਅਤੇ ਨਾ ਹੀ ਕੱਚੇ ਠੇਕੇ ‘ਤੇ ਕਾਮਿਆਂ ਨੂੰ ਪੱਕਾ ਕੀਤਾ ਗਿਆ ਹੈ | ਸਥਿਤੀ ਇਹ ਹੈ ਕਿ ਹੁਣ ਕੱਚੇ ਕਾਮਿਆਂ ਦੀ ਹੜਤਾਲ ਕਾਰਨ ਸਿਰਫ਼ ਦਿੱਲੀ ਜਾਣ ਵਾਲੀਆਂ ਵੋਲਵੋ ਬੱਸਾਂ ਹੀ ਚੱਲਣਗੀਆਂ ਜਾਂ ਪੰਜਾਬ ਵਿੱਚ ਕੁਝ ਲੰਮੇ ਰੂਟ ਦੀਆਂ ਬੱਸਾਂ ਚੱਲਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ਨਗਰ ਨਿਗਮ ਨੇ ਡੇਅਰੀ ਮਾਲਕਾਂ ‘ਤੇ ਕੀਤੀ ਕਾਰਵਾਈ, 16 ਡੇਅਰੀ ਮਾਲਕਾਂ ਦੇ ਕੀਤੇ ਚਲਾਨ

ਹੈਵਾਨ ਪੁੱਤ ਦੀ ਵੀਡੀਓ ਹੋਈ ਵਾਇਰਲ, ਮਾਂ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ