- ਵਿਸ਼ਵ ਕੱਪ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ
- ਸਾਰੇ ਦੇ ਸਾਰੇ ਮੈਚ ਭਾਰਤ ‘ਚ ਹੀ ਖੇਡੇ ਜਾਣਗੇ
- ਭਾਰਤ ਦਾ ਪਾਕਿਸਤਾਨ ਨਾਲ ਮੈਚ 15 ਅਕਤੂਬਰ ਨੂੰ ਹੋਵੇਗਾ
- ਪੂਰਾ ਟੂਰਨਾਮੈਂਟ 46 ਦਿਨਾਂ ਦਾ ਹੋਵੇਗਾ
ਨਵੀਂ ਦਿੱਲੀ, 27 ਜੂਨ 2023 – ਆਈਸੀਸੀ ਵਨਡੇ ਵਿਸ਼ਵ ਕੱਪ-2023 ਦੀ ਮੇਜ਼ਬਾਨੀ ਇਸ ਸਾਲ ਭਾਰਤ ਵੱਲੋਂ ਕੀਤੀ ਜਾਵੇਗੀ, ਜਿਸ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵਿਸ਼ਵ ਕੱਪ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ। ਕ੍ਰਿਕਟ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਪੂਰਾ ਵਿਸ਼ਵ ਕੱਪ ਭਾਰਤ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਸਾਂਝੇ ਤੌਰ ‘ਤੇ 1987, 1996 ਅਤੇ 2011 ਵਨਡੇ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। 13ਵੇਂ ਵਨਡੇ ਵਿਸ਼ਵ ਕੱਪ ਦਾ ਪੂਰਾ ਸ਼ਡਿਊਲ ਮੰਗਲਵਾਰ ਨੂੰ ਮੁੰਬਈ ‘ਚ ਜਾਰੀ ਕੀਤਾ ਗਿਆ।
ਇਹ ਪੂਰਾ ਟੂਰਨਾਮੈਂਟ 46 ਦਿਨਾਂ ਦਾ ਹੋਵੇਗਾ। ਵਿਸ਼ਵ ਕੱਪ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਪਿਛਲੀ ਵਾਰ ਦੀ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਮੈਚ ਨਾਲ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇਗੀ। ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 15 ਅਕਤੂਬਰ (ਐਤਵਾਰ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਸੈਮੀਫਾਈਨਲ ਮੈਚ ਮੁੰਬਈ ਅਤੇ ਕੋਲਕਾਤਾ ‘ਚ ਹੋਣਗੇ।
ਵਿਸ਼ਵ ਕੱਪ ਦੌਰਾਨ 45 ਮੈਚਾਂ ਵਾਲੀ ਰਾਊਂਡ ਰੌਬਿਨ ਲੀਗ ਵਿੱਚ 10 ਟੀਮਾਂ ਇੱਕ-ਦੂਜੇ ਨਾਲ ਭਿੜਨਗੀਆਂ। ਇਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਖੇਡੇ ਜਾਣਗੇ। ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ ਅਤੇ ਦੂਜਾ ਸੈਮੀਫਾਈਨਲ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾਵੇਗਾ। ਜੇਕਰ ਭਾਰਤ ਸੈਮੀਫਾਈਨਲ ਲਈ ਕੁਆਲੀਫਾਈ ਕਰ ਲੈਂਦਾ ਹੈ ਤਾਂ ਉਹ ਆਪਣਾ ਸੈਮੀਫਾਈਨਲ ਮੈਚ ਮੁੰਬਈ ‘ਚ ਖੇਡੇਗਾ।
ਵਾਨਖੇੜੇ ਸਟੇਡੀਅਮ ਨੇ 2011 ਵਿਸ਼ਵ ਕੱਪ ਦੇ ਫਾਈਨਲ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ 28 ਸਾਲਾਂ ਬਾਅਦ ਇੱਕ ਰੋਜ਼ਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਵੈਸੇ, ਈਡਨ ਗਾਰਡਨ ਨੇ 1987 ਦੇ ਟੂਰਨਾਮੈਂਟ ਵਿੱਚ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਖਿਤਾਬੀ ਮੈਚ ਦੀ ਮੇਜ਼ਬਾਨੀ ਕੀਤੀ ਸੀ ਜੋ ਆਸਟਰੇਲੀਆ ਨੇ ਜਿੱਤੀ ਸੀ।
ਭਾਰਤੀ ਟੀਮ ਦੇ ਮੈਚਾਂ ਦਾ ਪੂਰਾ ਪ੍ਰੋਗਰਾਮ………
8 ਅਕਤੂਬਰ ਨੂੰ ਭਾਰਤ ਬਨਾਮ ਆਸਟ੍ਰੇਲੀਆ – ਚੇਨਈ
11 ਅਕਤੂਬਰ ਨੂੰ ਭਾਰਤ ਬਨਾਮ ਅਫਗਾਨਿਸਤਾਨ – ਦਿੱਲੀ
15 ਅਕਤੂਬਰ ਨੂੰ ਭਾਰਤ ਬਨਾਮ ਪਾਕਿਸਤਾਨ – ਅਹਿਮਦਾਬਾਦ
19 ਅਕਤੂਬਰ ਨੂੰ ਭਾਰਤ ਬਨਾਮ ਬੰਗਲਾਦੇਸ਼ – ਪੁਣੇ
22 ਅਕਤੂਬਰ ਨੂੰ ਭਾਰਤ ਬਨਾਮ ਨਿਊਜ਼ੀਲੈਂਡ – ਧਰਮਸ਼ਾਲਾ
29 ਅਕਤੂਬਰ ਨੂੰ ਭਾਰਤ ਬਨਾਮ ਇੰਗਲੈਂਡ – ਲਖਨਊ
2 ਨਵੰਬਰ ਨੂੰ ਭਾਰਤ ਬਨਾਮ ਕੁਆਲੀਫਾਇਰ 2 – ਮੁੰਬਈ
5 ਨਵੰਬਰ ਨੂੰ ਭਾਰਤ ਬਨਾਮ ਦੱਖਣੀ ਅਫਰੀਕਾ – ਕੋਲਕਾਤਾ
11 ਨਵੰਬਰ ਨੂੰ ਭਾਰਤ ਬਨਾਮ ਕੁਆਲੀਫਾਇਰ 1 – ਬੈਂਗਲੁਰੂ
ਪਹਿਲਾ ਸੈਮੀਫਾਈਨਲ 15 ਨਵੰਬਰ ਬੁੱਧਵਾਰ ਨੂੰ ਮੁੰਬਈ ‘ਚ ਹੋਵੇਗਾ ਅਤੇ ਦੂਜਾ ਸੈਮੀਫਾਈਨਲ ਅਗਲੇ ਦਿਨ ਕੋਲਕਾਤਾ ‘ਚ ਹੋਵੇਗਾ। ਦੋਵੇਂ ਸੈਮੀਫਾਈਨਲ ਦਾ ਰਿਜ਼ਰਵ ਡੇਅ ਹੋਵੇਗਾ। ਫਾਇਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ ਅਤੇ 20 ਨਵੰਬਰ ਨੂੰ ਰਿਜ਼ਰਵ ਡੇਅ ਰੱਖਿਆ ਗਿਆ ਹੈ। ਤਿੰਨੋਂ ਨਾਕ-ਆਊਟ ਮੈਚ ਡੇ-ਨਾਈਟ ਮੈਚ ਹੋਣਗੇ। ਸਥਾਨਕ ਸਮੇਂ ਅਨੁਸਾਰ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ।
ਵਿਸ਼ਵ ਕੱਪ ਦੌਰਾਨ ਕੁੱਲ 10 ਸਥਾਨ ਹੋਣਗੇ। ਇਹ ਹਨ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨਈ, ਲਖਨਊ, ਪੁਣੇ, ਬੈਂਗਲੁਰੂ, ਮੁੰਬਈ ਅਤੇ ਕੋਲਕਾਤਾ। ਹੈਦਰਾਬਾਦ ਤੋਂ ਇਲਾਵਾ ਗੁਹਾਟੀ ਅਤੇ ਤਿਰੂਵਨੰਤਪੁਰਮ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰਨਗੇ।