ਲਖਨਊ, 28 ਜੂਨ 2023 – ਫਿਲਮ ਆਦਿਪੁਰਸ਼ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦੀ ਬਜਾਏ ਹੋਰ ਵਧਦਾ ਜਾ ਰਿਹਾ ਹੈ। ਹੁਣ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਨਾ ਸਿਰਫ ਫਿਲਮ ਦੇ ਨਿਰਮਾਤਾਵਾਂ ਨੂੰ ਫਟਕਾਰ ਲਗਾਈ ਹੈ ਸਗੋਂ ਸੈਂਸਰ ਬੋਰਡ ਨੂੰ ਵੀ ਫਟਕਾਰ ਲਗਾਈ ਹੈ। ਸੁਣਵਾਈ ਦੌਰਾਨ ਅਦਾਲਤ ਨੇ ਫਿਲਮ ਦੇ ਡਾਇਲਾਗ ਲਿਖਣ ਵਾਲੇ ਮਨੋਜ ਮੁਨਤਾਸ਼ੀਰ ਸ਼ੁਕਲਾ ਨੂੰ ਵੀ ਮਾਮਲੇ ਵਿੱਚ ਧਿਰ ਬਣਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਮਨੋਜ ਨੂੰ ਨੋਟਿਸ ਭੇਜ ਕੇ ਇੱਕ ਹਫ਼ਤੇ ਅੰਦਰ ਜਵਾਬ ਦੇਣ ਲਈ ਕਿਹਾ ਹੈ।
ਲਖਨਊ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਫਿਲਮ ‘ਚ ਜਿਸ ਤਰ੍ਹਾਂ ਦੇ ਡਾਇਲਾਗ ਹਨ, ਉਹ ਵੱਡਾ ਮੁੱਦਾ ਹੈ, ਰਾਮਾਇਣ ਲੋਕਾਂ ਲਈ ਇਕ ਮਿਸਾਲ ਹੈ ਅਤੇ ਲੋਕ ਇਸ ਨੂੰ ਪੜ੍ਹ ਕੇ ਘਰੋਂ ਆਪਣੇ ਕੰਮਾਂ-ਕਾਰਾਂ ‘ਤੇ ਨਿਕਲਦੇ ਹਨ। ਅਦਾਲਤ ਨੇ ਕਿਹਾ ਕਿ ਫਿਲਮ ‘ਚ ਕੁਝ ਚੀਜ਼ਾਂ ਨੂੰ ਨਹੀਂ ਛੂਹਣਾ ਚਾਹੀਦਾ ਸੀ। ਇਹ ਚੰਗਾ ਹੈ ਕਿ ਫਿਲਮ ਦੇਖ ਕੇ ਲੋਕਾਂ ਨੇ ਕਾਨੂੰਨ ਵਿਵਸਥਾ ਨੂੰ ਨੁਕਸਾਨ ਨਹੀਂ ਪਹੁੰਚਾਇਆ। ਅਦਾਲਤ ਨੇ ਇਹ ਵੀ ਕਿਹਾ ਕਿ ਫਿਲਮ ਦੇ ਕੁਝ ਦ੍ਰਿਸ਼ ਏ ਸ਼੍ਰੇਣੀ ਦੇ ਜਾਪਦੇ ਹਨ, ਉਨ੍ਹਾਂ ਨੂੰ ਪਹਿਲਾਂ ਹਟਾ ਦੇਣਾ ਚਾਹੀਦਾ ਸੀ।
ਸੁਣਵਾਈ ਦੌਰਾਨ ਜਦੋਂ ਨਿਰਮਾਤਾਵਾਂ ਨੇ ਫਿਲਮ ‘ਚ ਡਿਸਕਲੇਮਰ ਲਗਾਉਣ ਦੀ ਗੱਲ ਕੀਤੀ ਤਾਂ ਅਦਾਲਤ ਨੇ ਫਿਰ ਤੋਂ ਤਿੱਖੀ ਪ੍ਰਤੀਕਿਰਿਆ ਦਿੱਤੀ। ਅਦਾਲਤ ਨੇ ਪੁੱਛਿਆ ਕਿ ਕੀ ਡਿਸਕਲੇਮਰ ਲਗਾਉਣ ਵਾਲੇ ਲੋਕ ਦੇਸ਼ ਵਾਸੀਆਂ ਅਤੇ ਨੌਜਵਾਨਾਂ ਨੂੰ ਮੂਰਖ ਸਮਝਦੇ ਹਨ। ਤੁਸੀਂ ਭਗਵਾਨ ਰਾਮ, ਲਕਸ਼ਮਣ, ਭਗਵਾਨ ਹਨੂੰਮਾਨ, ਰਾਵਣ ਅਤੇ ਲੰਕਾ ਦਿਖਾਉਂਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਇਹ ਰਾਮਾਇਣ ਨਹੀਂ ਹੈ ? ਜੇ ਇਹ ਲੋਕ ਸਬਰ ਰੱਖਦੇ ਹਨ, ਤਾਂ ਕੀ ਉਨ੍ਹਾਂ ਨੂੰ ਵਾਰ-ਵਾਰ ਪਰਖਿਆ ਜਾਵੇਗਾ।
ਇਸ ਮਾਮਲੇ ਦੀ ਸੁਣਵਾਈ ਜਸਟਿਸ ਰਾਜੇਸ਼ ਚੌਹਾਨ ਅਤੇ ਜਸਟਿਸ ਸ਼੍ਰੀ ਪ੍ਰਕਾਸ਼ ਸਿੰਘ ਦੀ ਡਿਵੀਜ਼ਨ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਪਟੀਸ਼ਨਕਰਤਾਵਾਂ ਪ੍ਰਿੰਸ ਲੈਨਿਨ ਅਤੇ ਰੰਜਨਾ ਅਗਨੀਹੋਤਰੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਬੈਂਚ ਨੇ ਇਹ ਵੀ ਪੁੱਛਿਆ ਕਿ ਕੀ ਸੈਂਸਰ ਬੋਰਡ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ? ਅਦਾਲਤ ਨੇ ਸੌਲੀਸਿਟਰ ਜਨਰਲ ਨੂੰ ਕਿਹਾ ਕਿ ਉਹ ਸੈਂਸਰ ਬੋਰਡ ਤੋਂ ਇਹ ਦੱਸਣ ਲਈ ਕਹੇ ਕਿ ਅਜਿਹਾ ਕਿਵੇਂ ਕੀਤਾ ਗਿਆ। ਸੂਬਾ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਰਾਮਾਇਣ-ਕੁਰਾਨ ਵਰਗੇ ਧਾਰਮਿਕ ਗ੍ਰੰਥਾਂ ਨੂੰ ਬਖਸ਼ਿਆ ਜਾਣਾ ਚਾਹੀਦਾ ਹੈ। ਇਹ ਭਾਵਨਾਵਾਂ ਨਾਲ ਖਿਲਵਾੜ ਹੈ।