ਲੁਧਿਆਣਾ, 28 ਜੂਨ 2023 – ਲੁਧਿਆਣਾ ‘ਚ ਟਮਾਟਰ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੇ ਘਰ ਦਾ ਬਜਟ ਵਿਗਾੜ ਦਿੱਤਾ ਹੈ। 25 ਤੋਂ 30 ਰੁਪਏ ਕਿਲੋ ਵਿਕ ਰਹੇ ਟਮਾਟਰ ਦਾ ਰੇਟ ਪੰਜ ਦਿਨਾਂ ਵਿੱਚ 100 ਰੁਪਏ ਤੱਕ ਪਹੁੰਚ ਗਿਆ ਹੈ। ਹਾਲ ਇਹ ਹਨ ਕਿ ਹੁਣ ਲੋਕ ਇੱਕ ਕਿਲੋ ਟਮਾਟਰ ਖਰੀਦਣ ਤੋਂ ਝਿਜਕ ਰਹੇ ਹਨ। ਇਸ ਦੇ ਨਾਲ ਹੀ ਜੇਕਰ ਚੰਗੀ ਕੁਆਲਿਟੀ ਦਾ ਪਿਆਜ਼ ਲੈਣਾ ਹੋਵੇ ਤਾਂ ਹੋਰ ਵੀ ਮਹਿੰਗਾ ਮਿਲਦਾ ਹੈ।
ਉਥੇ ਹੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਹੀ ਮਹਿੰਗੀਆਂ ਸਬਜ਼ੀਆਂ ਮਿਲ ਰਹੀਆਂ ਹਨ ਤਾਂ ਉਹ ਇਨ੍ਹਾਂ ਨੂੰ ਸਸਤੀ ਕਿਵੇਂ ਵੇਚ ਸਕਦੇ ਹਨ। ਪਿਛਲੇ ਤਿੰਨ ਸਾਲਾਂ ਤੋਂ ਹੋ ਰਹੀ ਬਾਰਿਸ਼ ਕਾਰਨ ਟਮਾਟਰਾਂ ਦੀਆਂ ਕੀਮਤਾਂ ‘ਚ ਵਾਧਾ ਹੋਣ ਦਾ ਰੁਝਾਨ ਰਿਹਾ ਹੈ। ਸਬਜ਼ੀਆਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਗਾਹਕ ਵੀ ਘੱਟ ਰਹੇ ਹਨ।
ਇੱਕ ਦੁਕਾਨਦਾਰ ਨੇ ਦੱਸਿਆ ਕਿ ਇਸ ਸਮੇਂ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਵਿੱਚ ਟਮਾਟਰ ਦੀ ਕੀਮਤ 80 ਤੋਂ 100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮੱਧ ਪ੍ਰਦੇਸ਼ ਦੀ ਮੰਡੀ ਵਿੱਚ ਟਮਾਟਰ 80 ਤੋਂ 100 ਰੁਪਏ ਤੱਕ ਵਿਕ ਰਿਹਾ ਹੈ। ਬਿਹਾਰ ਅਤੇ ਝਾਰਖੰਡ ਵਿੱਚ ਕੱਲ੍ਹ ਟਮਾਟਰ 80 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ। ਪਰ ਅੱਜ ਇਸ ਦੀ ਕੀਮਤ ‘ਚ ਨਰਮੀ ਦੇ ਸੰਕੇਤ ਮਿਲ ਰਹੇ ਹਨ। ਰਾਜਸਥਾਨ ‘ਚ ਟਮਾਟਰ 90 ਤੋਂ 110 ਰੁਪਏ ਕਿੱਲੋ ਵਿਕ ਰਿਹਾ ਹੈ।
ਸਬਜ਼ੀ ਮੰਡੀ ਦੇ ਇੱਕ ਹੋਰ ਦੁਕਾਨਦਾਰ ਨੇ ਦੱਸਿਆ ਕਿ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਵਿੱਚ ਟਮਾਟਰ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਪੰਜਾਬ ਵਿੱਚ ਟਮਾਟਰ ਗਰਮੀ ਕਾਰਨ ਖਰਾਬ ਹੋ ਗਏ ਹਨ। ਹੁਣ ਬੰਗਲੌਰ ਤੋਂ ਟਮਾਟਰ ਆ ਰਹੇ ਹਨ। ਸਥਾਨਕ ਟਮਾਟਰ ਸਾਰੇ ਸੜੇ ਹੋਏ ਹਨ। ਇਸ ਕਾਰਨ ਟਮਾਟਰ ਦੀ ਕੀਮਤ ਵਧ ਗਈ ਹੈ।
ਉਥੇ ਹੀ ਇੱਕ ਗਾਹਕ ਨੇ ਦੱਸਿਆ ਕਿ ਟਮਾਟਰ 100 ਰੁਪਏ ਕਿਲੋ ਵਿਕ ਰਿਹਾ ਹੈ। ਘਰ ਦਾ ਬਜਟ ਵਿਗੜ ਗਿਆ ਹੈ। ਅਰਬੀ ਜੋ ਪਹਿਲਾਂ 10 ਰੁਪਏ ਕਿਲੋ ਮਿਲਦੀ ਸੀ ਅੱਜ ਵੀ 50 ਰੁਪਏ ਕਿਲੋ ਮਿਲ ਰਹੀ ਹੈ। ਅਦਰਕ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਮਟਰ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਮ੍ਹਾਂਖੋਰੀ ਕਰਨ ਵਾਲਿਆਂ ਨੂੰ ਨੱਥ ਪਾਵੇ, ਤਾਂ ਜੋ ਜਨਤਾ ਮਹਿੰਗਾਈ ਦੀ ਮਾਰ ਨਾ ਪਵੇ।
ਸਰਕਾਰ ਨੂੰ ਰੋਜ਼ਾਨਾ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਹਨ। ਭਾਅ ਓਨੇ ਪਿੱਛੋਂ ਨਹੀਂ ਵਧਾਏ ਗਏ ਜਿੰਨਾ ਇਹ ਸਬਜ਼ੀ ਮੰਡੀ ਵਾਲੇ ਵਧਾ ਰਹੇ ਹਨ।