- ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ ਡੱਡੂਮਾਜਰਾ ‘ਚ ਕੂੜੇ ਦਾ ਢੇਰ, ਕਾਂਗਰਸ ਅਤੇ ਭਾਜਪਾ ਨੇ ਇਸ ਨੂੰ ਸਾਫ ਕਰਨ ਦੇ ਨਾਂ ‘ਤੇ ਕੀਤਾ ਕਰੋੜਾਂ ਰੁਪਏ ਦਾ ਗਬਨ : ਕੰਗ
- ‘ਸਟੱਡੀ ਟੂਰ ਦੇ ਨਾਮ ‘ਤੇ ਕਾਂਗਰਸ ਅਤੇ ਭਾਜਪਾ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਦਾ ਨਾਲ ਜਾਣਾ, ਕਰਦਾਤਾਵਾਂ ਦੇ ਪੈਸੇ ਦੀ ਅਜਿਹੀ ਸ਼ਰੇਆਮ ਦੁਰਵਰਤੋਂ ਕਦੇ ਨਹੀਂ ਵੇਖੀ: ਦਮਨਪ੍ਰੀਤ ਸਿੰਘ
- ਮੈਂ ਰਾਜਪਾਲ ਨੂੰ ਬੇਨਤੀ ਕੀਤੀ ਸੀ ਕਿ ਰਿਹਾਇਸ਼ੀ ਖੇਤਰ ਵਿੱਚ ਕੂੜਾ ਪ੍ਰੋਸੈਸਿੰਗ ਪਲਾਂਟ ਨਾ ਲਗਾਇਆ ਜਾਵੇ, ਪਰ ਉਨ੍ਹਾਂ ਨੇ ਨਹੀਂ ਸੁਣੀ: ਕੁਲਦੀਪ ਸਿੰਘ ਟੀਟਾ
ਚੰਡੀਗੜ੍ਹ, 28 ਜੂਨ 2023 – ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਦੇ ‘ਗੋਆ ਸਟੱਡੀ ਟੂਰ’ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਕਰਾਰ ਦਿੰਦਿਆਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਅਤੇ ਲਾਬਿੰਗ ਦੌਰੇ ਵਾਂਗ ਹੈ, ਜਿਸ ਵਿੱਚ ਭਾਜਪਾ ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਠੇਕਾ ਦੇਣ ਲਈ ਕਾਂਗਰਸ ਕੌਂਸਲਰਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਥੇ ਪਾਰਟੀ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਡੱਡੂਮਾਜਰਾ ਡੰਪਿੰਗ ਗਰਾਊਂਡ ਸੁੰਦਰ ਸ਼ਹਿਰ ਚੰਡੀਗੜ੍ਹ ਲਈ ਵੱਡਾ ਮੁੱਦਾ ਹੈ। ਇਹ 17 ਸਾਲਾਂ ਤੋਂ ਉੱਥੇ ਹੈ ਅਤੇ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਇਸ ਡੰਪਿੰਗ ਗਰਾਊਂਡ ਨੂੰ ਸਾਫ ਕਰਨ ਦੇ ਨਾਂ ‘ਤੇ ਕਾਂਗਰਸ ਅਤੇ ਭਾਜਪਾ ਨੇ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਹੈ। ਲੋਕਾਂ ਦੇ ਪੈਸੇ ਨੂੰ ਲੁੱਟਣ ਲਈ ਕਈ ਵਾਰ ਠੇਕੇ ਦਿੱਤੇ ਗਏ ਪਰ ਹਮੇਸ਼ਾ ਆਪਣੀਆਂ ਚਹੇਤਿਆਂ ਕੰਪਨੀਆਂ ਨੂੰ ਦਿੱਤੇ ਗਏ। ਕੰਗ ਨੇ ਕਿਹਾ ਕਿ ਠੇਕੇ ਸਦਨ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਦਿੱਤੇ ਜਾਣ।
ਕੰਗ ਨੇ ਕਿਹਾ ਕਿ ਚੰਡੀਗੜ੍ਹ ਨਿਗਮ ਵਿੱਚ ਹਮੇਸ਼ਾ ਦੀ ਤਰ੍ਹਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਭਾਜਪਾ-ਕਾਂਗਰਸ ਦੇ ਕੌਂਸਲਰ, ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ, ਸਾਰੇ ਇਸ ਦਾ ਹਿੱਸਾ ਹਨ। ਅਤੇ, ਹੁਣ ਇਹ ‘ਗੋਆ ਸਟੱਡੀ ਟੂਰ’ ਟੈਕਸਦਾਤਾਵਾਂ ਦੇ ਪੈਸੇ ਨੂੰ ਲੁੱਟਣ ਦਾ ਇਕ ਹੋਰ ਤਰੀਕਾ ਹੈ। ਕੰਗ ਨੇ ਅੱਗੇ ਕਿਹਾ ਕਿ ਇਸ ਦੌਰੇ ‘ਤੇ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ, ਭਾਜਪਾ-ਕਾਂਗਰਸ ਦੇ ਸਮਰਥਕ ਅਤੇ 9 ਅਧਿਕਾਰੀ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਟੈਕਸ ਦੇਣ ਵਾਲੇ ਬਿੱਲ ਭਰ ਰਹੇ ਹਨ ਤਾਂ ਇੰਨੀ ਵੱਡੀ ਟੀਮ ਨੂੰ ਅਧਿਐਨ ਦੌਰੇ ਲਈ ਲਿਜਾਣ ਦੀ ਕੀ ਲੋੜ ਸੀ? 9 ਅਫਸਰਾਂ ਨੂੰ ਅਜਿਹੇ ਦੌਰੇ ‘ਤੇ ਕਿਉਂ ਲੈ ਕੇ ਗਏ? ਡੱਡੂਮਾਜਰਾ ਦੇ ਕਿਸੇ ਵੀ ਵਿਅਕਤੀ ਨੂੰ ਇਸ ਦੌਰੇ ਲਈ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਜਦੋਂ ਕਿ ਉਹ ਇੱਥੇ ਸਭ ਤੋਂ ਗੰਭੀਰ ਮੁੱਦੇ ਦਾ ਸਾਹਮਣਾ ਕਰ ਰਹੇ ਹਨ?
ਕੰਗ ਦੇ ਨਾਲ ‘ਆਪ’ ਐੱਲਓਪੀ ਦਮਨਪ੍ਰੀਤ ਸਿੰਘ ਅਤੇ ਡੱਡੂਮਾਜਰਾ ਦੇ ਕੌਂਸਲਰ ਕੁਲਦੀਪ ਸਿੰਘ ਟੀਟਾ ਵੀ ਮੌਜੂਦ ਸਨ। ਪ੍ਰੈਸ ਕਾਨਫਰੰਸ ਵਿੱਚ ਕੌਂਸਲਰ ਅੰਜੂ ਕਤਿਆਲ, ਪ੍ਰੇਮ ਲਤਾ, ਨੇਹਾ, ਜਸਵਿੰਦਰ ਕੌਰ, ਯੋਗੇਸ਼ ਢੀਂਗਰਾ, ਸੁਮਨ, ਰਾਮ ਚੰਦਰ ਯਾਦਵ ਅਤੇ ਲਖਬੀਰ ਸਿੰਘ ਵੀ ਹਾਜ਼ਰ ਸਨ।
ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਦਮਨਪ੍ਰੀਤ ਨੇ ਕਿਹਾ ਕਿ ਇਸ ਦੌਰੇ ਵਿੱਚ ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਨਾਲ ਉਨ੍ਹਾਂ ਦੇ ਜੀਵਨ ਸਾਥੀ ਵੀ ਸ਼ਾਮਿਲ ਹਨ। ਚੰਡੀਗੜ੍ਹ ਦੇ ਕਰਦਾਤਾ ਇਨ੍ਹਾਂ ਲੋਕਾਂ ਦੀ ਯਾਤਰਾ ਦਾ ਖਰਚਾ ਕਿਉਂ ਅਦਾ ਕਰਨ। ਡੱਡੂਮਾਜਰਾ ਡੰਪਿੰਗ ਗਰਾਊਂਡ ਇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਕੈਂਸਰ ਸਮੇਤ ਕਈ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਹੈ। ਦਮਨਪ੍ਰੀਤ ਨੇ ਕਿਹਾ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਪਹਿਲਾਂ ਕੋਈ ਪਹਿਲਕਦਮੀ ਕਿਉਂ ਨਹੀਂ ਕੀਤੀ ਗਈ, ਅਸੀਂ ਅਜਿਹੇ ਬੇਕਾਰ ਦੌਰਿਆਂ ਰਾਹੀਂ ਜਨਤਾ ਦੇ ਪੈਸੇ ਦੀ ਬਰਬਾਦੀ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਟੱਡੀ ਟੂਰ ਨਹੀਂ ਸਗੋਂ ਲਾਬਿੰਗ ਟੂਰ ਹੈ ਜਿੱਥੇ ਭਾਜਪਾ ਕਾਂਗਰਸ ਵਿਧਾਇਕਾਂ ਦੀ ਹਮਾਇਤ ਅਤੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਡੱਡੂਮਾਜਰਾ ਦੇ ਨੁਮਾਇੰਦੇ ਕੌਂਸਲਰ ਕੁਲਦੀਪ ਸਿੰਘ ਟੀਟਾ ਨੇ ਦੱਸਿਆ ਕਿ ਉਨ੍ਹਾਂ ਨੇ ਗਵਰਨਰ ਨੂੰ ਡੱਡੂਮਾਜਰਾ ਦੇ ਰਿਹਾਇਸ਼ੀ ਖੇਤਰ ਵਿੱਚ ਕੂੜਾ ਪ੍ਰੋਸੈਸਿੰਗ ਪਲਾਂਟ ਨਾ ਲਗਾਉਣ ਦੀ ਬੇਨਤੀ ਵੀ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਰਿਹਾਇਸ਼ੀ ਖੇਤਰ ਦੇ ਨੇੜੇ ਪਲਾਂਟ ਲਗਾਉਣ ਨਾਲ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ ਜੋ ਪਹਿਲਾਂ ਹੀ ਡੰਪਿੰਗ ਗਰਾਊਂਡ ਕਾਰਨ ਇੱਥੇ ਹਵਾ, ਪਾਣੀ ਅਤੇ ਜ਼ਮੀਨੀ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਦਾ ਸਾਹਮਣਾ ਕਰ ਰਹੇ ਹਨ।