- ਖਿੜਕੀ ਤੋੜ ਕੇ 8 ਲੋਕਾਂ ਨੇ ਬਚਾਈ ਆਪਣੀ ਜਾਨ
- ਟਾਇਰ ਅਚਾਨਕ ਫਟਣ ਕਾਰਨ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਟਲ ਕੇ ਬੱਸ ਨੂੰ ਲੱਗੀ ਅੱਗ
- ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ
ਮਹਾਰਾਸ਼ਟਰ, 1 ਜੁਲਾਈ 2023 – ਮਹਾਰਾਸ਼ਟਰ ਦੇ ਬੁਲਢਾਨਾ ‘ਚ ਸ਼ੁੱਕਰਵਾਰ ਦੇਰ ਰਾਤ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ। ਮੁੱਢਲੀ ਜਾਣਕਾਰੀ ਮੁਤਾਬਕ ਬੱਸ ਦਾ ਟਾਇਰ ਅਚਾਨਕ ਫਟ ਗਿਆ, ਜਿਸ ਤੋਂ ਬਾਅਦ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ, ਜਿਸ ਤੋਂ ਬਾਅਦ ਬੱਸ ਖੰਭੇ ਨਾਲ ਜਾ ਟਕਰਾਈ। ਇਸ ਤੋਂ ਬਾਅਦ ਇਹ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ, ਜਿਸ ਕਾਰਨ ਬੱਸ ਨੂੰ ਤੁਰੰਤ ਅੱਗ ਲੱਗ ਗਈ। ਲੋਕਾਂ ਨੂੰ ਬੱਸ ਤੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ। ਕਿਸੇ ਤਰ੍ਹਾਂ ਕੁਝ ਲੋਕ ਹੀ ਬੱਸ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਬੱਸ ‘ਚ 33 ਲੋਕ ਸਵਾਰ ਸਨ, ਜਿਨ੍ਹਾਂ ‘ਚ 25 ਦੀ ਸੜ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਹਾਦਸੇ ਤੋਂ ਬਾਅਦ ਬੱਸ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਅੱਠ ਲੋਕਾਂ ਨੇ ਆਪਣੀ ਜਾਨ ਬਚਾਈ। ਇਹ ਹਾਦਸਾ ਬੁਲਢਾਨਾ ਜ਼ਿਲੇ ਦੇ ਸਿੰਦਖੇੜਾਰਾਜਾ ਨੇੜੇ ਪਿੰਪਲਖੁਟਾ ਪਿੰਡ ਨੇੜੇ ਸਮਰਿਧੀ ਮਹਾਮਾਰਗ ਐਕਸਪ੍ਰੈੱਸ ਵੇਅ ‘ਤੇ ਰਾਤ ਕਰੀਬ 1.30 ਵਜੇ ਵਾਪਰਿਆ। ਬੁਲਢਾਨਾ ਦੇ ਐਸਪੀ ਸੁਨੀਲ ਕਦਾਸੇਨ ਨੇ ਦੱਸਿਆ ਕਿ ਹਾਦਸੇ ਵਿੱਚ ਬੱਸ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਉਸ ਨੇ ਦੱਸਿਆ ਕਿ ਟਾਇਰ ਫਟਣ ਕਾਰਨ ਬੱਸ ਪਲਟ ਗਈ।
ਜ਼ਿਲ੍ਹੇ ਦੇ ਐਸਐਸਪੀ ਸੁਨੀਲ ਕਦਾਸਾਨੇ ਨੇ ਬੁਲਢਾਨਾ ਬੱਸ ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੱਸ ‘ਚ ਕੁੱਲ 33 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ 25 ਦੀ ਮੌਤ ਹੋ ਗਈ ਹੈ। ਇਸ ਅੱਗ ਕਾਰਨ ਡਰਾਈਵਰ ਸਮੇਤ 8 ਲੋਕ ਵਾਲ-ਵਾਲ ਬਚ ਗਏ। ਡਰਾਈਵਰ ਨੇ ਦੱਸਿਆ ਕਿ ਟਾਇਰ ਫਟਣ ਕਾਰਨ ਬੱਸ ਪਲਟ ਗਈ ਅਤੇ ਫਿਰ ਅੱਗ ਲੱਗ ਗਈ।
ਐਸਐਸਪੀ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸਾਡੀ ਤਰਜੀਹ ਲਾਸ਼ਾਂ ਦੀ ਸ਼ਨਾਖਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਣਾ ਹੈ।
ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਸ਼ਿੰਦੇ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਦੋਂਕਿ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਘਟਨਾ ਸਥਾਨ ‘ਤੇ ਜਾਣਗੇ।