- ਕੁਝ ਦਿਨ ਪਹਿਲਾਂ ਹੋਈ ਸੀ ਦੋਵਾਂ ਦੀ ਮੰਗਣੀ
ਅੰਮ੍ਰਿਤਸਰ, 1 ਜੁਲਾਈ 2023 – ਬਾਲੀਵੁਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਦੇਰ ਰਾਤ ਅੰਮ੍ਰਿਤਸਰ ਪਹੁੰਚੇ ਅਤੇ ਅਲਸੁਬਾਹ (ਸਵੇਰੇ) ਦੋਵੇਂ ਹਰਿਮੰਦਰ ਸਾਹਿਬ ਪਹੁੰਚੇ ਅਤੇ ਭਵਿੱਖ ਲਈ ਅਰਦਾਸ ਕਰਕੇ ਅਸੀਸਾਂ ਮੰਗੀਆਂ। ਮੰਗਣੀ ਤੋਂ ਬਾਅਦ ਦੋਵੇਂ ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ ਅਤੇ ਪਿਛਲੇ ਦਿਨੀਂ ਦੋਹਾਂ ਨੂੰ ਰਾਜਸਥਾਨ ‘ਚ ਆਪਣੇ ਵਿਆਹ ਦਾ ਸਥਾਨ ਚੁਣਦੇ ਦੇਖਿਆ ਗਿਆ ਸੀ।
ਮਿਲੀ ਜਾਣਕਾਰੀ ਦੌਰਾਨ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੋਵੇਂ ਦੇਰ ਰਾਤ ਦਿੱਲੀ ਤੋਂ ਅੰਮ੍ਰਿਤਸਰ ਪੁੱਜੇ। ਦੋਵੇਂ ਸਵੇਰੇ ਕਰੀਬ 5 ਵਜੇ ਤੋਂ ਪਹਿਲਾਂ ਹਰਿਮੰਦਰ ਸਾਹਿਬ ਪਹੁੰਚ ਗਏ। ਜਿੱਥੇ ਪਰਿਣੀਤੀ ਚੋਪੜਾ ਇੱਕ ਆਫ-ਵਾਈਟ ਕ੍ਰੀਮਿਸ਼ ਸੂਟ ਵਿੱਚ ਨਜ਼ਰ ਆਈ ਸੀ, ਉੱਥੇ ਰਾਘਵ ਇੱਕ ਕੁੜਤਾ-ਪਜਾਮਾ ਅਤੇ ਸਲੀਵਲੇਸ ਜੈਕੇਟ ਵਿੱਚ ਨਜ਼ਰ ਆ ਰਿਹਾ ਸੀ। ਦੋਵਾਂ ਨੇ ਇਸ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰੂਘਰ ਵਿਖੇ ਵੀ ਮੱਥਾ ਟੇਕਿਆ।

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ‘ਚ ਹੋਈ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੰਗਣੀ ਲਈ ਦਿੱਲੀ ਪੁੱਜੇ ਸਨ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਆਮਦ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।
ਦੋਵੇਂ ਆਪਣੀ ਮੰਗਣੀ ਦੇ ਬਾਅਦ ਤੋਂ ਹੀ ਇੱਕ ਦੂਜੇ ਨਾਲ ਘੁੰਮਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਦੋਵਾਂ ਨੂੰ ਰਾਜਸਥਾਨ ਦੇ ਉਦੈਪੁਰ ‘ਚ ਸਪਾਟ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਪਣੇ ਵਿਆਹ ਲਈ ਸਥਾਨ ਚੁਣਨ ਪਹੁੰਚੇ ਸਨ। ਦੋਵਾਂ ਨੇ ਡੈਸਟੀਨੇਸ਼ਨ ਵੈਡਿੰਗ ਲਈ ਪਲਾਨ ਕੀਤਾ ਹੈ। ਅਜੇ ਤੱਕ ਦੋਵਾਂ ਨੇ ਵਿਆਹ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ, ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਆਹ ਸਤੰਬਰ ਜਾਂ ਨਵੰਬਰ ‘ਚ ਹੋ ਸਕਦਾ ਹੈ।
