ਫਿਰੋਜ਼ਪੁਰ, 2 ਜੁਲਾਈ 2023 – ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਬੀਐਸਐਫ ਦੀ 136 ਬਟਾਲੀਅਨ ਨੇ ਗਸ਼ਤ ਦੌਰਾਨ ਸਤਲੁਜ ਦਰਿਆ ਤੋਂ 2 ਬੋਤਲਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚ ਡੇਢ ਕਿਲੋ ਹੈਰੋਇਨ ਹੈ। ਜਵਾਨਾਂ ਨੇ ਦੋਵਾਂ ਬੋਤਲਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਫਿਰੋਜ਼ਪੁਰ ਸਦਰ ਥਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਹੈਰੋਇਨ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਐਸਐਫ ਦੇ ਸਹਾਇਕ ਕਮਾਂਡੈਂਟ ਮਨੀਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਲੱਖੋਕੇ ਬਹਿਰਾਮ ਵਿਖੇ ਅਣਪਛਾਤੇ ਤਸਕਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰੋਇਨ ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਰਾਊਕੇ ਨੇੜਿਓਂ ਬਰਾਮਦ ਕੀਤੀ ਹੈ। ਸਤਲੁਜ ਦਰਿਆ ਨੂੰ ਪਾਕਿਸਤਾਨੀ ਸਮੱਗਲਰਾਂ ਵੱਲੋਂ ਅਕਸਰ ਨਸ਼ਿਆਂ ਦੀ ਤਸਕਰੀ ਲਈ ਵਰਤਿਆ ਜਾਂਦਾ ਹੈ। ਸਤਲੁਜ ਦਰਿਆ ‘ਚ ਵਗਦੇ ਪਾਣੀ ਦੀ ਮਾਰ ਹੇਠੋਂ ਪਹਿਲਾਂ ਵੀ ਕਈ ਵਾਰ ਹੈਰੋਇਨ ਭੇਜੀ ਜਾ ਚੁੱਕੀ ਹੈ ਅਤੇ ਇਕ ਵਾਰ ਫਿਰ ਬੋਤਲਾਂ ‘ਚ ਹੈਰੋਇਨ ਭੇਜੀ ਗਈ ਸੀ, ਜਿਸ ਨੂੰ ਬੀ.ਐੱਸ.ਐੱਫ ਨੇ ਫੜ ਲਿਆ ਅਤੇ ਭਾਰਤੀ ਜਵਾਨ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।