- ਪਲਵਿੰਦਰ ਸਿੰਘ ਨੇ ਕਾਰ ਦੇ ਬੰਪਰ ਦੇ ਫੌਗ ਲੈਂਪ ਹੋਲ ਵਿੱਚ ਫਸੇ ਆਵਾਰਾ ਕੁੱਤੇ ਨੂੰ ਬਚਾਇਆ
- ਏ.ਡੀ.ਜੀ.ਪੀ. ਏ.ਐਸ. ਰਾਏ ਨੇ ਹੈੱਡ ਕਾਂਸਟੇਬਲ ਨੂੰ ਦਿੱਤਾ ਪ੍ਰਸ਼ੰਸਾ ਪੱਤਰ
ਚੰਡੀਗੜ੍ਹ, 3 ਜੁਲਾਈ 2023 – ਪੰਜਾਬ ਪੁਲਿਸ ਦੇ ਇੱਕ ਸਿਪਾਹੀ ਵੱਲੋਂ ਦਿਖਾਈ ਗਈ ਸੰਵੇਦਨਸ਼ੀਲਤਾ ਤੋਂ ਪ੍ਰਭਾਵਿਤ ਹੋ ਕੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟਰੈਫਿਕ ਅਮਰਦੀਪ ਸਿੰਘ ਰਾਏ ਨੇ ਸੋਮਵਾਰ ਨੂੰ ਹੈੱਡ ਕਾਂਸਟੇਬਲ (ਐਚ.ਸੀ.) ਪਲਵਿੰਦਰ ਸਿੰਘ ਨੂੰ ਗਲੀ ਦੇ ਕੁੱਤੇ, ਜਿਸਦਾ ਸਿਰ ਕਾਰ ਦੇ ਬੰਪਰ ਦੇ ਫੌਗ-ਲੈਂਪ ਹੋਲ ਵਿੱਚ ਫਸਿਆ ਗਿਆ ਸੀ, ਦੀ ਜਾਨ ਬਚਾਉਣ ਲਈ ਸਨਮਾਨਿਤ ਕੀਤਾ। ਹੈੱਡ ਕਾਂਸਟੇਬਲ ਪਲਵਿੰਦਰ ਸਿੰਘ ਇਸ ਸਮੇਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਥਾਣਾ ਮੋਹਕਮਪੁਰਾ ਵਿਖੇ ਤਾਇਨਾਤ ਹੈ।
ਦੱਸਣਯੋਗ ਹੈ ਕਿ ਇੱਕ ਵਾਇਰਲ ਵੀਡੀਓ ਵਿੱਚ, ਐਚ.ਸੀ. ਪਲਵਿੰਦਰ ਨੂੰ ਇੱਕ ਆਵਾਰਾ ਕੁੱਤੇ ਦਾ ਸਿਰ ਕਾਰ ਦੇ ਬੰਪਰ ਦੇ ਫਾਗ-ਲੈਂਪ ਹੋਲ ਵਿੱਚੋਂ ਕੱਢਣ ਅਤੇ ਉਸਦੀ ਜਾਨ ਬਚਾਉਂਦੇ ਹੋਏ ਦੇਖਿਆ ਗਿਆ ਸੀ।
ਏ.ਡੀ.ਜੀ.ਪੀ ਅਮਰਦੀਪ ਸਿੰਘ ਰਾਏ ਨੇ ਐਚ.ਸੀ. ਪਲਵਿੰਦਰ ਸਿੰਘ ਨੂੰ ਪ੍ਰਸ਼ੰਸਾ ਪੱਤਰ (ਕਲਾਸ-1) ਸੌਂਪਦੇ ਹੋਏ ਕਿਹਾ ਕਿ ਉਨ੍ਹਾਂ ਦਾ ਹਮਦਰਦੀ ਭਰਿਆ ਕੰਮ ਬਿਨਾਂ ਸ਼ੱਕ ਹੋਰਾਂ ਨੂੰ ਵੀ ਮੁਸੀਬਤ ’ਚ ਫਸੇ ਕਿਸੇ ਜਾਨਵਰ ਦੀ ਮਦਦ ਕਰਨ ਲਈ ਪ੍ਰੇਰਿਤ ਕਰੇਗਾ।
ਐਚ.ਸੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ 6 ਵਜੇ ਘਰੋਂ ਜਾ ਰਿਹਾ ਸੀ ਤਾਂ ਉਸ ਦੇ ਦੋਸਤ ਨੇ ਉਸ ਨੂੰ ਕੁੱਤੇ ਦੀ ਗਰਦਨ ਕਾਰ ਦੇ ਬੰਪਰ ਵਿੱਚ ਫਸਣ ਬਾਰੇ ਦੱਸਿਆ। ਉਸਨੇ ਦੱਸਿਆ , ‘‘ ਮੈਂ ਤੁਰੰਤ ਕੁੱਤੇ ਦੀ ਮਦਦ ਕਰਨ ਲਈ ਗਿਆ, ਜੋ ਦਰਦ ਨਾਲ ਕੁਰਲਾ ਰਿਹਾ ਸੀ ਅਤੇ ਮੈਂ ਸਹਿਜੇ-ਸਹਿਜੇ ਉਸਦੀ ਗਰਦਨ ਨੂੰ ਬਾਹਰ ਕੱਢਿਆ। ਕੁੱਤੇ ਦੀ ਗਰਦਨ ’ਤੇ ਮਾਮੂਲੀ ਸੱਟਾਂ ਲੱਗੀਆਂ ਹਨ।
ਪਲਵਿੰਦਰ ਸਿੰਘ ਨੇ ਏ.ਡੀ.ਜੀ.ਪੀ ਟ੍ਰੈਫਿਕ ਦਾ ਉਨ੍ਹਾਂ ਦੇ ਕੰਮ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਉਹ ਭਵਿੱਖ ਵਿੱਚ ਵੀ ਨੇਕ ਕੰਮਾਂ ਲਈ ਕੰਮ ਕਰਦੇ ਰਹਿਣਗੇ।