ਗੜ੍ਹਦੀਵਾਲਾ 5 ਜੁਲਾਈ 2023 – ਗੜ੍ਹਦੀਵਾਲਾ ਦੇ ਨੇੜਲੇ ਪਿੰਡ ਬਾਹਲਾ ਵਿਖੇ ਇੱਕ ਵਿਆਹੁਤਾ ਵਲੋਂ ਆਪਣੇ ਸੁਹਰੇ ਪਰਿਵਾਰ ਤੋ ਤੰਗ ਹੋਕੇ ਛੱਤ ਵਾਲੇ ਪੱਖ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਇਸ ਸਬੰਧੀ ਲਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ (59) ਵਾਸੀ ਮਹਿਲਊਦੀਨਪੁਰ ਗਾਜੀ ਥਾਣਾ ਮੁਕੇਰੀਆਂ ਜਿਲ੍ਹਾ ਹੁਸਿਆਰਪੁਰ ਨੇ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰੀ ਲੜਕੀ ਸੰਦੀਪ ਕੌਰ ਉਮਰ 31 ਸਾਲ ਜਿਸਦੀ ਸ਼ਾਦੀ 17 ਅਪ੍ਰੈਲ 2022 ਨੂੰ ਸਤਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬਾਹਲਾ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸਿਆਰਪੁਰ ਨਾਲ ਹੋਈ ਸੀ।
ਇਸ ਦੌਰਾਨ ਮੇਰਾ ਜੁਆਈ ਸਤਵੀਰ ਸਿੰਘ ਜੋ ਮੇਰੀ ਲੜਕੀ ਨੂੰ ਵਾਰ-ਵਾਰ ਪੈਸੇ ਲਿਆਉਣ ਦੀ ਮੰਗ ਕਰਦਾ ਸੀ ਕਿ ਮੈ ਵਿਦੇਸ਼ ਜਾਣਾ ਹੈ।ਜਿਸ ਸਬੰਧੀ ਮੇਰੀ ਲੜਕੀ ਨੇ ਮੈਨੂੰ ਸਾਰਾ ਕੁੱਝ ਦੱਸਿਆ ਹੈ।ਮੈ ਆਪਣੀ ਲੜਕੀ ਨੂੰ ਭਰੋਸਾ ਦਿੱਤਾ ਕਿ ਅਸੀਂ ਪੈਸਿਆਂ ਦਾ ਇੰਤਜ਼ਾਮ ਕਰ ਦਿੰਦੇ ਹਾਂ।ਪਰ ਮੇਰੀ ਲੜਕੀ ਦੇ ਸੁਹਰੇ ਪਰਿਵਾਰ ਨੇ ਸ਼ਾਦੀ ਸਮੇਂ ਕਿਹਾ ਸੀ ਕਿ ਅਸੀਂ ਪੈਸਿਆਂ ਦਾ ਇੰਤਜ਼ਾਮ ਕਰਕੇ ਲੜਕੀ ਸੰਦੀਪ ਕੌਰ ਤੇ ਉਸਦੇ ਪਤੀ ਸਤਵੀਰ ਸਿੰਘ ਨੂੰ ਵਿਦੇਸ਼ ਭੇਜਾਗੇ।ਮੇਰੀ ਲੜਕੀ ਨੇ ਦੱਸਿਆ ਕਿ ਮੇਰਾ ਪਤੀ ਸਤਵੀਰ ਸਿੰਘ ਤੇ ਸੱਸ ਹਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀਆਨ ਬਾਹਲਾ ਜੋ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਕੇ ਪੈਸੇ ਲਿਆਉਣ ਦੀ ਮੰਗ ਕਰ ਰਹੇ ਹਨ।
ਮੇਰੀ ਲੜਕੀ ਦਾ ਸੁਹਰੇ ਪਰਿਵਾਰ ਵਾਲੇ ਕਹਿੰਦੇ ਕਿ ਅੱਜ ਹੀ ਆਪਣੇ ਪਿਤਾ ਪਾਸੋ 5 ਲੱਖ ਰੁਪਏ ਲੈ ਕੇ ਆ ਮੇਰੀ ਲੜਕੀ ਨੇ ਮੈਨੂੰ ਸਾਰਾ ਕੁੱਝ ਫੋਨ ਤੇ ਦੱਸਿਆ।ਮਿਤੀ 3 ਜੁਲਾਈ ਨੂੰ ਡੇਢ ਵਜੇ ਦੇ ਕਰੀਬ ਮੇਰੀ ਕੁੜਮਣੀ ਹਰਜੀਤ ਕੌਰ ਦਾ ਮੇਰੀ ਪਤਨੀ ਕੁਲਵਿੰਦਰ ਕੌਰ ਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਸੰਦੀਪ ਕੌਰ ਨੇ ਫਾਹਾ ਲੈ ਲਿਆ ਹੈ।ਮਿ੍ਤਕ ਲੜਕੀ ਦੇ ਪਿਤਾ ਲਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਮੇਰੀ ਲੜਕੀ ਸੰਦੀਪ ਕੌਰ ਨੇ ਆਪਣੇ ਪਤੀ ਸਤਵੀਰ ਸਿੰਘ ਤੇ ਸੱਸ ਹਰਜੀਤ ਕੌਰ ਤੋ ਤੰਗ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।ਗੜ੍ਹਦੀਵਾਲਾ ਪੁਲਿਸ ਵਲੋਂ ਮਿ੍ਤਕ ਦੇ ਪਿਤਾ ਦੇ ਬਿਆਨਾਂ ਤੇ ਉਸਦੇ ਪਤੀ ਤੇ ਸੱਸ ਖਿਲਾਫ਼ ਧਾਰਾ 306,34ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।