ਅੰਮ੍ਰਿਤਸਰ, 6 ਜੁਲਾਈ 2023 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪਾਕਿਸਤਾਨ ਤੋਂ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਫੜੇ ਗਏ ਅੰਮ੍ਰਿਤਸਰ ਦੇ ਦੋ ਭਰਾਵਾਂ ਵਿਕਰਮਜੀਤ ਉਰਫ ਵਿੱਕੀ ਅਤੇ ਮਨਿੰਦਰ ਉਰਫ ਮਨੀ ਦੀਆਂ ਸਾਰੀਆਂ ਜਾਇਦਾਦਾਂ ਅਟੈਚ ਕਰ ਲਈਆਂ ਹਨ। ਅੰਮ੍ਰਿਤਸਰ ਦੇ ਪੌਸ਼ ਖੇਤਰ ਗੁਰੂ ਅਮਰਦਾਸ ਐਵੇਨਿਊ ਵਿੱਚ ਸਥਿਤ ਘਰਾਂ ਨੂੰ ਵੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਅਟੈਚ ਕਰ ਲਿਆ ਹੈ। ਦੋਵਾਂ ‘ਤੇ ਤਸਕਰੀ ਦੇ ਨਾਲ-ਨਾਲ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦਾ ਦੋਸ਼ ਹੈ।
ਐਨਆਈਏ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਭਰਾਵਾਂ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਹਿਲਾਲ ਅਹਿਮਦ ਵੇਗ ਨੂੰ ਵਿੱਤੀ ਮਦਦ ਮੁਹੱਈਆ ਕਰਵਾਈ ਸੀ। ਇਸ ਤੋਂ ਬਾਅਦ ਦੋਵਾਂ ‘ਤੇ ਯੂ.ਏ.ਪੀ.ਏ. ਵੀ ਲਗਾਇਆ ਗਿਆ ਸੀ। ਇਹ ਦੋਵੇਂ ਭਰਾ ਨਸ਼ਾ ਤਸਕਰੀ ਦੇ ਸਰਗਨਾ ਰਣਜੀਤ ਸਿੰਘ ਉਰਫ਼ ਰਾਣਾ ਉਰਫ਼ ਚੀਤਾ, ਉਸ ਦੇ ਪਿਤਾ ਹਰਭਜਨ ਸਿੰਘ ਅਤੇ ਭਰਾ ਗਗਨਦੀਪ ਸਿੰਘ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਕੰਮ ਵੀ ਕਰਦੇ ਸਨ।
ਰਣਜੀਤ ਸਿੰਘ, ਉਸਦਾ ਪਿਤਾ ਹਰਭਜਨ ਸਿੰਘ ਅਤੇ ਭਰਾ ਗਗਨਦੀਪ ਸਿੰਘ ਨਮਕ ਦੀ ਆੜ ਵਿੱਚ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ। ਇਸ ਤੋਂ ਹੋਣ ਵਾਲੀ ਆਮਦਨ ਦਾ ਕੁਝ ਹਿੱਸਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨੂੰ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਦੇ ਰਹਿਣ ਵਾਲੇ ਦੋਵੇਂ ਭਰਾਵਾਂ ਵਿਕਰਮਜੀਤ ਉਰਫ ਵਿੱਕੀ ਅਤੇ ਮਨਿੰਦਰ ਉਰਫ ਮਨੀ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਹਿਲਾਲ ਅਹਿਮਦ ਵੇਗ ਨੂੰ 29 ਲੱਖ ਰੁਪਏ ਦਿੱਤੇ ਸਨ।