ਬਠਿੰਡਾ ,6 ਜੁਲਾਈ2023: ਅੱਜ ਦੁਪਹਿਰ ਤੋਂ ਸ਼ੁਰੂ ਹੋਈ ਬਾਰਸ਼ ਦੇ ਅਚਾਨਕ ਜੋਰ ਫੜ੍ਹ ਜਾਣ ਕਾਰਨ ਬੇਸ਼ੱਕ ਮੌਸਮ ਠੰਢਾ ਹੋ ਗਿਆ ਅਤੇ ਗਰਮੀ ਦੀ ਚੱਕੀ ’ਚ ਪਿਸ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਪਰ
ਸ਼ਹਿਰ ਦੇ ਕਈ ਇਲਾਕੇ ਸਮੁੰਦਰ ’ਚ ਤਬਦੀਲ ਹੋ ਗਏ। ਬਾਰਸ਼ ਦੇ ਪਾਣੀ ਨੇ ਤਾਂ ਨਗਰ ਨਿਗਮ ਬਠਿੰਡਾ ਦੀ ਮੇਅਰ ਦੇ ਵਾਰਡ ਨੂੰ ਵੀ ਨਹੀਂ ਬਖਸ਼ਿਆ ਜੋ ਕਿਸੇ ਟਾਪੂ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਇਸੇ ਤਰ੍ਹਾਂ ਹੀ ਲਾਈਨੋਂ ਪਾਰ ਇਲਾਕੇ ਵਿੱਚ ਵੀ ਮੀਂਹ ਦੇ ਪਾਣੀ ਨੇ ਲੋਕਾਂ ਦੀਆਂ ਮੁਸੀਬਤਾਂ ਵਧਾਈਆਂ। ਬਠਿੰਡਾ ਵਿੱਚ ਇਹ ਪਹਿਲਾ ਭਾਰੀ ਮੀਂਹ ਸੀ ਜੋ ਲਗਾਤਾਰ ਕਰੀਬ 2 ਘੰਟੇ ਪੈਂਦਾ ਰਿਹਾ।
ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਲੰਮਾ ਸਮਾਂ ਆਵਾਜਾਈ ਵਿਚ ਵਿਘਨ ਪੈਂਦਾ ਰਿਹਾ। ਬਾਰਸ਼ ਕਾਰਨ ਕਾਰੋਬਾਰ ਤੇ ਵੀ ਬੁਰਾ ਪ੍ਰਭਾਵ ਪਿਆ। ਕਈ ਇਲਾਕਿਆਂ ਚ ਮੀਂਹ ਦਾ ਪਾਣੀ ਘਰਾਂ ਤੇ ਦੁਕਾਨਾਂ ਵਿੱਚ ਵੜ ਗਿਆ ਜੋ ਉਨ੍ਹਾਂ ਲਈ ਵੱਡੀਆਂ ਮੁਸੀਬਤਾਂ ਲੈ ਕੇ ਆਇਆ।ਕਈ ਇਲਾਕਿਆਂ ’ਚ ਪਾਣੀ ਖੜ੍ਹਨ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਲਾਈਨੋਂ ਪਾਰ ਇਲਾਕੇ ਸਮੇਤ ਕਈ ਥਾਵਾਂ ਤੇ ਤਾਂ ਪਾਣੀ ਕਾਰਨ ਦੁਕਾਨਾਂ ਬੰਦ ਕਰਨੀਆਂ ਪਈਆਂ ਹਨ। ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਨਗਰ ਨਿਗਮ ਹਰ ਸਾਲ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਉਂਦਾ ਹੈ ਫਿਰ ਵੀ ਸਥਿਤੀ ਵਿੱਚ ਕੋਈ ਫਰਕ ਨਹੀਂ ਪੈਂਦਾ ਹੈ।
ਓਧਰ ਮੌਸਮ ਠੰਢਾ ਹੋਣ ਦਾ ਬੱਚਿਆਂ ਨੇ ਸੜਕਾਂ ਤੇ ਆ ਕੇ ਆਨੰਦ ਮਾਣਿਆ । ਬਾਰਸ਼ ਪੈਣ ਉਪਰੰਤ ਤੱਤੀਆਂ ਹਵਾਵਾਂ ਨੂੰ ਵਿਰਾਮ ਲੱਗ ਗਿਆ ਤੇ ਠੰਢੀਆਂ ਹਵਾਵਾਂ ਨੇ ਦਸਤਕ ਦਿੱਤੀ ਹੈ ।ਬੱਦਲਵਾਈ ਕਾਰਨ ਮੌਸਮ ਵੀ ਖੁਸ਼ਗਵਾਰ ਹੋ ਗਿਆ ਹੈ । ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਅਗਾਮੀ 24 ਘੰਟਿਆਂ ਦਰਮਿਆਨ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਅਨੁਮਾਨ ਹਨ । ਸਿਹਤ ਮਾਹਿਰਾਂ ਨੇ ਦੱਸਿਆ ਕਿ ਬਾਰਸ਼ ਸਦਕਾ ਮੱਛਰ ਦੀ ਪੈਦਾਇਸ਼ ਵਧੇਗੀ । ਖੇਤੀ ਵਿਗਿਆਨੀਆਂ ਦਾ ਕਹਿਣਾ ਸੀ ਕਿ ਝੋਨੇ ਲਈ ਹੈ ਬਾਰਸ਼ ਵਰਦਾਨ ਸਿੱਧ ਹੋਵੇਗੀ। ਨਗਰ ਨਿਗਮ ਦੇ ਓਪਰੇਸ਼ਨ ਐਂਡ ਮੇਂਟੀਨੈਂਸ ਸੈਲ ਦਾ ਕਹਿਣਾ ਹੈ ਕਿ ਮੋਟਰਾਂ ਚੱਲ ਰਹੀਆਂ ਹਨ ਤੇ ਪਾਣੀ ਲਗਾਤਾਰ ਕੱਢਿਆ ਜਾ ਰਿਹਾ ਹੈ।