ਚੰਡੀਗੜ੍ਹ, 7 ਜੁਲਾਈ 2023 – ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਮਾਨਸੂਨ ਸਰਗਰਮ ਹੋ ਗਿਆ ਹੈ। ਜਿਸ ਕਾਰਨ ਤਾਪਮਾਨ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ। ਜਿਸ ਕਾਰਨ ਪੰਜਾਬ ਦੇ ਸ਼ਹਿਰਾਂ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਆਮ ਨਾਲੋਂ 3.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਅੱਜ ਮਾਝਾ, ਦੁਆਬਾ ਅਤੇ ਪੱਛਮੀ ਮਾਲਵੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 43MM, ਜਲੰਧਰ ਵਿੱਚ 31.5MM, SBS ਨਗਰ ਵਿੱਚ 14MM, ਲੁਧਿਆਣਾ ਵਿੱਚ 6MM ਅਤੇ ਰੋਪੜ ਵਿੱਚ 2MM ਦਰਜ ਕੀਤਾ ਗਿਆ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਝੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਦੁਆਬੇ ਦੇ ਜਲੰਧਰ, ਕਪੂਰਥਲਾ, ਫਗਵਾੜਾ, ਫਿਲੌਰ, ਨਵਾਂ ਸ਼ਹਿਰ ਵਿੱਚ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਜਿੱਥੇ ਮੀਂਹ ਨਾਲ 30 ਕਿ.ਮੀ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ
ਇਸ ਦੇ ਨਾਲ ਹੀ ਪੱਛਮੀ ਮਾਲਵਾ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਪੂਰਬੀ ਮਾਲਵੇ ਦੇ ਲੁਧਿਆਣਾ, ਬਰਨਾਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਰੂਪ ਨਗਰ, ਪਟਿਆਲਾ ਅਤੇ ਐਸ.ਏ.ਐਸ ਨਗਰ ਵਿੱਚ ਕੋਈ ਅਲਰਟ ਨਹੀਂ ਹੈ। ਜੇਕਰ ਇੱਥੇ ਮੀਂਹ ਪੈਂਦਾ ਹੈ ਤਾਂ ਇਹ ਆਮ ਵਾਂਗ ਹੋਵੇਗਾ।
ਆਉਣ ਵਾਲੇ ਦਿਨਾਂ ਵਿੱਚ ਮੌਸਮ: ਮੌਸਮ ਵਿਭਾਗ ਨੇ ਮਾਝਾ, ਦੁਆਬਾ ਅਤੇ ਪੱਛਮੀ ਮਾਲਵੇ ਵਿੱਚ ਮਾਨਸੂਨ ਦੇ ਵਧੇਰੇ ਸਰਗਰਮ ਹੋਣ ਦੀ ਸੂਚਨਾ ਜਾਰੀ ਕੀਤੀ ਹੈ। ਜਿਸ ਕਾਰਨ ਇੱਥੇ 7 ਤੋਂ 15 ਜੁਲਾਈ ਤੱਕ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਜਾਵੇਗੀ। ਜਦੋਂ ਕਿ ਪੂਰਬੀ ਮਾਲਵਾ ਵਿੱਚ ਬਾਰਸ਼ ਹੋਵੇਗੀ, ਇਹ ਆਮ ਜਾਂ ਆਮ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ।