- ਡਿਊਟੀ ‘ਤੇ ਜਾਂਦੇ ਸਮੇਂ ਹੋਇਆ ਹਾਦਸਾ
ਲੁਧਿਆਣਾ, 7 ਜੁਲਾਈ 2023 – ਲੁਧਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਡੀਪੀਆਰਓ (ਵਿਭਾਗ ਲੋਕ ਸੰਪਰਕ ਦਫ਼ਤਰ) ਦੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਪ੍ਰਭਜੋਤ ਅੱਜ ਸਵੇਰੇ ਆਪਣੀ ਕਾਰ ਵਿੱਚ ਦੋ ਵਿਅਕਤੀਆਂ ਨਾਲ ਡੀਸੀ ਦਫ਼ਤਰ ਲੁਧਿਆਣਾ ਵਿਖੇ ਕੰਮ ’ਤੇ ਜਾ ਰਿਹਾ ਸੀ। ਇਸ ਹਾਦਸੇ ‘ਚ ਹੋਰ ਦੋ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ।
ਜਦੋਂ ਪ੍ਰਭਜੋਤ ਸਿੰਘ ਡਿਊਟੀ ‘ਤੇ ਜਾ ਰਿਹਾ ਸੀ ਤਾਂ ਅਚਾਨਕ ਰਸਤੇ ਵਿਚ ਉਸ ਦੀ ਕਾਰ ਦਾ ਬੰਪਰ ਖੁੱਲ੍ਹ ਗਿਆ। ਕਾਰ ਨੂੰ ਸੜਕ ਕਿਨਾਰੇ ਰੋਕ ਕੇ ਪ੍ਰਭਜੋਤ ਨੇ ਬੰਪਰ ਬੰਨ੍ਹਣਾ ਸ਼ੁਰੂ ਕੀਤਾ ਸੀ ਕਿ ਪਿੱਛੇ ਤੋਂ ਆ ਰਹੇ ਟੈਂਪੂ ਚਾਲਕ (ਮਾਲ ਲੋਡਰ) ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਪ੍ਰਭਜੋਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮ ਟੈਂਪੂ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਏਐਸਆਈ ਕਰਨੈਲ ਸਿੰਘ ਕਰ ਰਹੇ ਹਨ।
ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਜਾਣਕਾਰੀ ਦਿੰਦਿਆਂ ਡੀਪੀਆਰਓ ਪੁਨੀਤ ਗਿੱਲ ਨੇ ਦੱਸਿਆ ਕਿ ਪ੍ਰਭਜੋਤ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੂਰਾ ਸਟਾਫ਼ ਦੁਖੀ ਹੈ। ਇਲਾਕਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।