ਲੁਧਿਆਣਾ, 7 ਜੁਲਾਈ 2023 – ਲੁਧਿਆਣਾ ‘ਚ ਇੱਕੋ ਪਰਿਵਾਰ ਦੇ 3 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਨਸਨੀਖੇਜ਼ ਘਟਨਾ ਸਲੇਮ ਟਾਬਰੀ ਥਾਣੇ ਅਧੀਨ ਪੈਂਦੇ ਲਕਸ਼ਮੀਨਗਰ ਵਿੱਚ ਵਾਪਰੀ।
ਘਟਨਾ ਦਾ ਪਤਾ ਸਵੇਰੇ 10 ਵਜੇ ਉਸ ਸਮੇਂ ਲੱਗਾ ਜਦੋਂ ਦੁੱਧ ਵਾਲਾ ਉਨ੍ਹਾਂ ਦੇ ਘਰ ਆਇਆ। ਦੁੱਧ ਲੈਣ ਲਈ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸ਼ੱਕ ਪੈਣ ‘ਤੇ ਉਸ ਨੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਤਿੰਨ ਲਾਸ਼ਾਂ ਪਈਆਂ ਸਨ। ਜਿਸ ‘ਚ 2 ਬੈੱਡ ‘ਤੇ ਅਤੇ ਇਕ ਲਾਸ਼ ਉਸ ਹੀ ਕਮਰੇ ‘ਚ ਹੇਠਾਂ ਫਰਸ਼ ‘ਤੇ ਪਈ ਸੀ।
ਮ੍ਰਿਤਕਾਂ ਦੀ ਪਛਾਣ ਚਮਨ ਲਾਲ, ਉਸਦੀ ਪਤਨੀ ਸੁਰਿੰਦਰ ਕੌਰ ਅਤੇ ਮਾਤਾ ਬਚਨ ਕੌਰ ਵਜੋਂ ਹੋਈ ਹੈ। ਇਨ੍ਹਾਂ ਤਿੰਨਾਂ ਦੀ ਉਮਰ 70 ਤੋਂ 90 ਸਾਲ ਦਰਮਿਆਨ ਹੈ। ਇਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਕੱਲ੍ਹ ਪੂਰਾ ਦਿਨ ਪਰਿਵਾਰ ਦੇ ਤਿੰਨੇ ਮੈਂਬਰ ਘਰੋਂ ਬਾਹਰ ਨਹੀਂ ਆਏ।
ਥਾਣਾ ਸਲੇਮਟਾਬਰੀ ਦੇ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਮੌਕੇ ਦੀ ਜਾਂਚ ਕਰ ਰਹੀ ਹੈ। ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਕਤਲ ਦਾ ਕਾਰਨ ਕੀ ਹੈ, ਇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।