- ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਪੰਜਾਬ ਤੇ ਪੰਜਾਬੀਅਤ ਵਾਸਤੇ ਕੰਮ ਕਰਨ ਲਈ ਯੂਥ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਕੀਤੀ ਅਪੀਲ
ਚੰਡੀਗੜ੍ਹ, 8 ਜੁਲਾਈ 2023: ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਐਲਾਨਕੀਤਾ ਕਿ ਯੂਥ ਅਕਾਲੀ ਦਲ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨੌਜਵਾਨ ਮਿਲਣੀ ਪ੍ਰੋਗਰਾਮ ਸ਼ੁਰੂ ਕਰੇਗਾ ਤੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰਨ ਵਾਸਤੇ ਉਹ ਯੂਥ ਅਕਾਲੀ ਦਲ ਵਿਚ ਸ਼ਾਮਲ ਹੋਣ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਨੌਜਵਾਨ ਮਿਲਣੀ ਪ੍ਰੋਗਰਾਮ ਨੌਜਵਾਨਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਉਹਨਾਂ ਤੇ ਅੱਗੇ ਵਾਸਤੇ ਸੁਝਾਅ ਲੈਣਾ ਹੈ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਨੇ ਫੈਸਲਾ ਲਿਆ ਹੈ ਕਿ ਸਾਰੇ ਹਲਕਿਆਂ ਵਿਚ ਇਹ ਗੱਲਬਾਤ ਦੇ ਪ੍ਰੋਗਰਾਮ ਕੀਤੇ ਜਾਣ ਤੇ ਤਿੰਨ ਮਹੀਨੇ ਦੀ ਇਹ ਮੁਹਿੰਮ ਵਿੱਢੀ ਜਾਵੇ। ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਦੀ ਆਵਾਜ਼ ਸੁਣ ਕੇ ਅਜਿਹਾ ਐਕਸ਼ਨ ਪ੍ਰੋਗਰਾਮ ਉਲੀਕਾਂਗੇ ਜਿਸ ਨਾਲ ਉਹਨਾਂ ਦੀਆਂ ਚਿੰਤਾਵਾਂ ਤੇ ਮਸਲੇ ਹੱਲ ਹੋ ਸਕਣ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਇਹ ਪ੍ਰੋਗਰਾਮ ਨਸ਼ਿਆਂ ਦੇ ਪਸਾਰ ਦੇ ਮਸਲੇ ਦੇ ਹੱਲ ਅਤੇ ਵਾਤਾਵਰਣ ਚਿੰਤਾਵਾਂ ਦੇ ਹੱਲ ਲਈ ਵੀ ਕੰਮ ਕਰੇਗਾ। ਉਹਨਾਂ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ-ਵੱਡੇ ਐਲਾਨ ਕਰਨ ਦੇ ਬਾਵਜੂਦ ਇਸ ਬੁਰਾਈ ’ਤੇ ਨਕੇਲ ਪਾਉਣ ਵਿਚ ਨਾਕਾਮ ਰਹਿਣ ਕਾਰਨ ਨਸ਼ਿਆਂ ਦਾ ਪਸਾਰ ਬਹੁਤ ਵੱਧ ਗਿਆ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਵਾਤਾਵਰਣ ’ਤੇ ਵੀ ਹਮਲਾ ਹੋ ਰਿਹਾ ਹੈ ਪਰ ਇਸਦੀ ਰਾਖੀ ਵਾਸਤੇ ਕੁਝ ਨਹੀ਼ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅਸੀਂ ਇਹਨਾਂ ਦੋਵਾਂ ਮਾਮਲਿਆਂ ’ਤੇ ਲੋਕਾਂ ਵਿਚ ਜਾਗਰੂਕਤਾ ਲਿਆਵਾਂਗੇ।
ਝਿੰਜਰ ਨੇ ਕਿਹਾ ਕਿ ਯੂਥ ਅਕਾਲੀ ਦਲ ਭ੍ਰਿਸ਼ਟ ਆਪ ਸਰਕਾਰ ਵੱਲੋਂ ਨੌਜਵਾਨਾਂ ਨੂੰ ਝੂਠ ਬੋਲਣ ਤੇ ਉਹਨਾਂ ਨਾਲ ਧੋਖਾ ਕਰਨ ਦੇ ਜਵਾਬ ਵੀ ਸਰਕਾਰ ਕੋਲੋਂ ਮੰਗੇਗਾ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਨੂੰ ਹਰ ਖੇਤਰ ਵਿਚ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਬਜਾਏ ਮਸਲੇ ਨੂੰ ਹੱਲ ਕਰਨ ਦੇ ਸਰਕਾਰ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਫੂਕ ਰਹੀ ਹੈ ਤੇ ਨੌਜਵਾਨਾਂ ਨਾਲ ਵਾਅਦੇ ਪੂਰੇ ਕਰਨ ਦੇ ਝੂਠੇ ਦਾਅਵਿਆਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੇਡ ਮੀਡੀਆ ਨੂੰ ਅਦਾਇਗੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅਸਲੀਅਤ ਇਸ ਤੋਂ ਕਿਤੇ ਹੋਰਹੈ। ਅਸਲੀਅਤ ਇਹ ਹੈ ਕਿ ਪੰਜਾਬ ਵਿਚ ਜਦੋਂ ਵੀ ਨੌਜਵਾਨ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹਨ ਤਾਂ ਉਹਨਾਂ ਨੂੰ ਰੋਜ਼ਾਨਾ ਆਧਾਰ ’ਤੇ ਸੜਕਾਂ ’ਤੇ ਭਜਾ ਭਜਾ ਕੇ ਕੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀਆਂ ਭੈਣਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ’ਤੇ ਪੰਜਾਬ ਤੋਂ ਬਾਹਰਲਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।
ਝਿੰਜਰ ਨੇ ਕਿਹਾ ਕਿ ਪੰਜਾਬ ਨੌਜਵਾਨ ਮਿਲਣੀ ਪ੍ਰੋਗਰਾਮ ਆਪ ਸਰਕਾਰ ਦੇ ਇਸ ਅਖੌਤੀ ’ਬਦਲਾਅ’ ਨੂੰ ਬੇਨਕਾਬ ਕਰੇਗਾ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੁਹਾਲੀ ਤੋਂ ਹੋਵੇਗੀ। ਉਹਨਾਂ ਕਿਹਾ ਕਿ ਇਸ ਉਪਰੰਤ ਡੇਰਾ ਬੱਸੀ, ਬੁੱਢਲਾਡਾ, ਮਾਨਸਾ, ਗੁਰਹਰਿਸਹਾਏ, ਜਲਾਲਾਬਾਦ, ਗਿੱਦੜਬਾਹਾ, ਲਹਿਰਾਗਾਗਾ, ਦਿੜਬਾ, ਜਲੰਧਰ ਪੱਛਮੀ, ਗੁਰਦਾਸਪੁਰ, ਪਠਾਨਕੋਟ, ਆਦਮਪੁਰ, ਕਰਤਾਰਪੁਰ, ਜਲੰਧਰ ਛਾਉਣੀ, ਅਮਰਗੜ੍ਹ, ਮਾਲੇਰਕੋਟਲਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਅੰਮ੍ਰਿਤਸਰ ਦੱਖਣੀ ਤੇ ਪੱਛਮੀ ਅਤੇ ਲੁਧਿਆਣਾ ਦੱਖਣੀ, ਪੱਛਮੀ ਤੇ ਪੂਰਬੀ ਵਿਚ ਮਿਲਣੀਆਂ ਕੀਤੀਆਂ ਜਾਣਗੀਆਂ।