- ਕਿਹਾ, ‘ਨਸ਼ਿਆਂ ਵਿਰੁੱਧ ਇਕਜੁੱਟ ਹੋਣ ਸਮੂਹ ਪੰਜਾਬੀ, ਮਾਨ ਸਰਕਾਰ ਸਿਰਜੇਗੀ ਨਸ਼ਾ ਮੁਕਤ ਪੰਜਾਬ’
- ਨਸ਼ਾ ਕਰਨ ਵਾਲਿਆਂ ਦਾ ਪੁਨਰ ਵਸੇਬਾ ਕਰਕੇ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਵੇਗੀ ਸਰਕਾਰ-ਡਾ. ਬਲਬੀਰ ਸਿੰਘ
- ਪਿੰਡ ਰੌਂਗਲਾ ਨੂੰ ਨਸ਼ਾ ਮੁਕਤ ਕਰਕੇ ਪੰਜਾਬ ਤੇ ਦੇਸ਼ ਲਈ ਇੱਕ ਮਿਸਾਲ ਬਣਾਉਣ ਦਾ ਐਲਾਨ
- ਪਿੰਡ-ਪਿੰਡ ਬਣਨਗੀਆਂ ਸਿਹਤ ਕਮੇਟੀਆਂ ਤੇ ਖੁੱਲ੍ਹਣਗੇ ਵੈਲਨੈੱਸ ਸੈਂਟਰ-ਸਿਹਤ ਮੰਤਰੀ
ਪਟਿਆਲਾ, 8 ਜੁਲਾਈ 2023 – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਸ਼ਿਆਂ ਵਿਰੁੱਧ ਇੱਕ ਵੱਡੀ ਜੰਗ ਦਾ ਆਗ਼ਾਜ਼ ਆਪਣੇ ਹਲਕੇ ਪਟਿਆਲਾ ਦਿਹਾਤੀ ਦੇ ਪਿੰਡ ਰੌਂਗਲਾ ਤੋਂ ਕੀਤਾ। ਇਸ ਮੌਕੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਸੱਦਾ ਦਿੰਦਿਆਂ ਡਾ. ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ‘ਨਸ਼ਾ ਮੁਕਤ, ਸਿਹਤਮੰਦ ਤੇ ਰੰਗਲਾ ਪੰਜਾਬ’ ਜਰੂਰ ਬਣਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੂੰ ਨਾਲ ਲੈਕੇ ਪਿੰਡ ਰੌਂਗਲਾ ਦੇ ਸਰਕਾਰੀ ਸਕੂਲ ਵਿਖੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਰੌਂਗਲਾ ਪਿੰਡ ਨੂੰ ਨਸ਼ਾ ਮੁਕਤ ਕਰਕੇ ਪੰਜਾਬ ਤੇ ਦੇਸ਼ ਲਈ ਇੱਕ ਮਿਸਾਲ ਬਣਾਇਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਨਸ਼ਾ ਕਰਨ ਵਾਲਿਆਂ ਦਾ ਵਿਗਿਆਨਕ ਤਰੀਕੇ ਨਾਲ ਪੁਨਰ ਵਸੇਬਾ ਕੀਤਾ ਜਾਵੇਗਾ ਜਦਕਿ ਨਸ਼ਾ ਤਸਕਰੀ ਦੇ ਦੋਸ਼ੀ ਅਪਰਾਧੀਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ, ਇਸ ਲਈ ਲੋਕ ਇਕਜੁੱਟ ਹੋਕੇ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨਾਲ ਸਾਂਝੀ ਕਰਨ ਤਾਂ ਕਿ ਸਪਲਾਈ ਚੇਨ ਤੋੜੀ ਜਾ ਸਕੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਕਹਿਣ ਮੁਤਾਬਕ ਇਨਸਾਫ਼ ਕੇਵਲ ਸਜਾ ਦੇਣਾ ਹੀ ਨਹੀਂ ਬਲਕਿ ਹਿਰਦੇ ਪਰਿਵਰਤਨ ਤੇ ਬਿਹਤਰ ਇਨਸਾਨ ਬਣਾਉਣਾ ਹੈ, ਇਸੇ ਤਹਿਤ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਸੁੱਟਣ ਦੀ ਬਜਾਇ ਇਨ੍ਹਾਂ ਨੂੰ ਮਾਨਸਿਕ ਰੋਗੀ ਮੰਨਕੇ ਇਨ੍ਹਾਂ ਦਾ ਇਲਾਜ ਕਰਵਾਏਗੀ। ਪੰਜਾਬ ਸਰਕਾਰ ਵੱਲੋਂ ਅਜਿਹੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਪੈਰਾਂ ਸਿਰ ਖੜ੍ਹਾ ਕਰਨ ਲਈ ਉਲੀਕੀ ਯੋਜਨਾ ਨੂੰ ਪ੍ਰਸ਼ਾਸਨ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਪੂਰਾ ਕੀਤਾ ਜਾਵੇਗਾ।
ਪਿੰਡਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਸਮਾਜ ਦੀ ਸਭ ਤੋਂ ਅਹਿਮ ਕੜੀ ਦੱਸਦਿਆਂ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਸਿਹਤ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਵੈਲਨੈੱਸ ਸੈਂਟਰ ਵੀ ਖੋਲ੍ਹੇ ਜਾਣਗੇ ਤਾਂ ਕਿ ਲੋਕਾਂ ਤੇ ਸਿਹਤ ਵਿਭਾਗ ਵੱਲੋਂ ਇਕਜੁੱਟਤਾ ਨਾਲ ਕੰਮ ਕਰਕੇ ਨਸ਼ਿਆਂ ਤੇ ਬਿਮਾਰੀਆਂ ਵਿਰੁੱਧ ਜੰਗ ਨੂੰ ਸਫ਼ਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿੱਚ ਜਕੜੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ।
ਸਮਾਰੋਹ ਮੌਕੇ ਪਾਵਰ ਹਾਊਸ ਯੂਥ ਕਲੱਬ ਤੇ ਯੂਥ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਮਹਿੰਦਰਾ ਕਾਲਜ ਦੇ ਅਬਜਰਵਡ ਥੀਏਟਰ ਗਰੁੱਪ ਨੇ ਨਸ਼ਿਆਂ ਵਿਰੁੱਧ ‘ਚਿੱਟਾ ਪੰਜਾਬ’ ਨੁਕੜ ਨਾਟਕ ਦੀ ਪੇਸ਼ਕਾਰੀ ਕੀਤੀ। ਜਦੋਂਕਿ ਸਾਕੇਤ ਨਸ਼ਾ ਮੁਕਤੀ ਕੇਂਦਰ ਵੱਲੋਂ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਦੀ ਦੇਖ-ਰੇਖ ਹੇਠ ਨਸ਼ਿਆਂ ਵਿਰੁੱਧ ਪ੍ਰਦਰਸ਼ਨੀ ਲਗਾਉਣ ਸਮੇਤ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਮਿੰਦਰ ਕੌਰ ਦੀ ਅਗਵਾਈ ਹੇਠ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਜਨ ਸੁਵਿਧਾ ਕੈਂਪ ਲਗਾਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਪ੍ਰਸ਼ਾਸਨਿਕ ਸੇਵਾਵਾਂ ਮੌਕੇ ‘ਤੇ ਹੀ ਮੁਹੱਈਆ ਕਰਵਾਈਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਕਰਨਲ ਜੇ.ਵੀ ਸਿੰਘ, ਬਲਵਿੰਦਰ ਸੈਣੀ, ਏ.ਡੀ.ਸੀਜ ਜਗਜੀਤ ਸਿੰਘ ਤੇ ਅਨੁਪ੍ਰਿਤਾ ਜੌਹਲ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਏ.ਐਸ.ਪੀ. ਵੈਬਵ ਚੌਧਰੀ, ਐਸ.ਡੀ.ਐਮ. ਚਰਨਜੀਤ ਸਿੰਘ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਆਪ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਬਲਾਕ ਪ੍ਰਧਾਨ ਚਰਨਜੀਤ ਸਿੰਘ ਐਸ.ਕੇ. ਲੰਗ, ਦਵਿੰਦਰ ਕੌਰ, ਸੰਤੋਖ ਸਿੰਘ, ਗੁਰਸੇਵਕ ਸਿੰਘ, ਪਰਮਿੰਦਰ ਭਲਵਾਨ, ਰੁਪਿੰਦਰ ਕੌਰ ਤੇ ਜਤਵਿੰਦਰ ਗਰੇਵਾਲ ਸਮੇਤ ਪਿੰਡ ਦੀ ਸਰਪੰਚ ਰਾਣੀ, ਸਤਾਰ ਮੁਹੰਮਦ ਖ਼ਾਨ, ਹਰੀਸ਼ ਰਿਸ਼ੀ, ਰਣਜੀਤ ਸਿੰਘ ਅਤੇ ਲੰਗ, ਸਿਊਨਾ ਤੇ ਲਚਕਾਣੀ ਆਦਿ ਪਿੰਡਾਂ ਦੇ ਵਸਨੀਕ ਵੀ ਪੁੱਜੇ ਹੋਏ ਸਨ।