- ਅਮਿਤ ਸ਼ਾਹ ਨੇ ਮਮਤਾ ਸਰਕਾਰ ਤੋਂ ਮੰਗੀ ਰਿਪੋਰਟ
- ਪੰਚਾਇਤੀ ਚੋਣਾਂ ਦੇ ਨਤੀਜੇ 11 ਜੁਲਾਈ ਨੂੰ ਆਉਣਗੇ
ਪੱਛਮੀ ਬੰਗਾਲ, 9 ਜੁਲਾਈ 2023 – ਪੱਛਮੀ ਬੰਗਾਲ ਵਿੱਚ 73,887 ਗ੍ਰਾਮ ਪੰਚਾਇਤ ਸੀਟਾਂ ਵਿੱਚੋਂ 64,874 ਲਈ ਵੋਟਿੰਗ ਖਤਮ ਹੋ ਗਈ ਹੈ। ਬਾਕੀ 9,013 ਸੀਟਾਂ ‘ਤੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ। ਸਭ ਤੋਂ ਵੱਧ 8,874 ਉਮੀਦਵਾਰ ਜੋ ਬਿਨਾਂ ਮੁਕਾਬਲਾ ਚੁਣੇ ਗਏ ਹਨ, ਉਹ ਤ੍ਰਿਣਮੂਲ ਕਾਂਗਰਸ ਦੇ ਹਨ। ਦੁਪਹਿਰ 3 ਵਜੇ ਤੱਕ 51 ਫੀਸਦੀ ਪੋਲਿੰਗ ਹੋ ਚੁੱਕੀ ਹੈ। ਪੋਲਿੰਗ ਖਤਮ ਹੋਣ ਤੋਂ ਬਾਅਦ ਦਾ ਅੰਕੜਾ ਅਜੇ ਤੱਕ ਨਹੀਂ ਆਇਆ। ਚੋਣਾਂ ਦੇ ਨਤੀਜੇ 11 ਜੁਲਾਈ ਨੂੰ ਆਉਣਗੇ।
ਕੇਂਦਰੀ ਬਲਾਂ ਦੀ ਤਾਇਨਾਤੀ ਤੋਂ ਬਾਅਦ ਵੀ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਦੀਆਂ ਖਬਰਾਂ ਆਈਆਂ। ਬੂਥ ਲੁੱਟਣ, ਬੈਲਟ ਪੇਪਰ ਪਾੜਨ, ਬੈਲਟ ਪੇਪਰਾਂ ਨੂੰ ਸਾੜਨ ਦੀਆਂ ਘਟਨਾਵਾਂ ਕਈ ਇਲਾਕਿਆਂ ਤੋਂ ਦੇਖਣ ਨੂੰ ਮਿਲੀਆਂ। ਕੂਚ ਬਿਹਾਰ ਦੇ ਮਠਭੰਗਾ-1 ਬਲਾਕ ਦੇ ਹਜ਼ਰਹਤ ਪਿੰਡ ਵਿੱਚ ਇੱਕ ਨੌਜਵਾਨ ਬੈਲਟ ਬਾਕਸ ਲੈ ਕੇ ਭੱਜ ਗਿਆ।
ਦੱਖਣੀ 24 ਪਰਗਨਾ ਦੇ ਭਾਂਗੜ ਬਲਾਕ ਦੇ ਜਮੀਰਗਾਚੀ ਵਿੱਚ ਭਾਰਤੀ ਧਰਮ ਨਿਰਪੱਖ ਮੋਰਚਾ (ISF) ਅਤੇ TMC ਵਰਕਰਾਂ ਵਿੱਚ ਝੜਪ ਹੋ ਗਈ। ਇੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਟੀਐਮਸੀ ਦੇ ਲੋਕ ਬੋਰੀਆਂ ਵਿੱਚ ਬੰਬ ਲੈ ਕੇ ਆਏ ਸਨ। ਟੀ.ਐਮ.ਸੀ ਵਰਕਰ ਪਿੰਡ ਦੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਬਟੋਰ ਰਹੇ ਸਨ। ਉਨ੍ਹਾਂ ਨੇ ਇੰਨੇ ਬੰਬ ਸੁੱਟੇ ਕਿ ਦੋ ਘੰਟੇ ਤੱਕ ਪੋਲਿੰਗ ਰੋਕ ਦਿੱਤੀ ਗਈ। ਮੀਡੀਆ ਵਾਲਿਆਂ ਵੱਲ ਵੀ ਕੁਝ ਬੰਬ ਸੁੱਟੇ ਗਏ।
ਪਿਛਲੇ 24 ਘੰਟਿਆਂ ਵਿੱਚ ਚੋਣ ਹਿੰਸਾ ਵਿੱਚ ਛੇ ਜ਼ਿਲ੍ਹਿਆਂ ਵਿੱਚ 15 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਰਨ ਵਾਲਿਆਂ ਵਿੱਚ ਅੱਠ ਟੀਐਮਸੀ ਵਰਕਰ, ਤਿੰਨ ਸੀਪੀਆਈ (ਐਮ) ਵਰਕਰ, ਕਾਂਗਰਸ, ਭਾਜਪਾ ਅਤੇ ਆਈਐਸਐਫ ਦਾ ਇੱਕ-ਇੱਕ ਵਰਕਰ ਅਤੇ ਇੱਕ ਆਜ਼ਾਦ ਉਮੀਦਵਾਰ ਦਾ ਇੱਕ ਪੋਲਿੰਗ ਏਜੰਟ ਸ਼ਾਮਲ ਹੈ। 9 ਜੂਨ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ 2003 ਵਿੱਚ ਪੰਚਾਇਤੀ ਚੋਣਾਂ ਵਿੱਚ 76, 2013 ਵਿੱਚ 39 ਅਤੇ 2018 ਵਿੱਚ 30 ਮੌਤਾਂ ਹੋਈਆਂ ਸਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਦੀਆਂ ਘਟਨਾਵਾਂ ਬਾਰੇ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜ਼ੂਮਦਾਰ ਨਾਲ ਵੀ ਗੱਲਬਾਤ ਕੀਤੀ ਅਤੇ ਵਰਕਰਾਂ ਦਾ ਹਾਲ-ਚਾਲ ਪੁੱਛਿਆ। ਇਸ ਦੇ ਨਾਲ ਹੀ ਨੰਦੀਗ੍ਰਾਮ ਤੋਂ ਭਾਜਪਾ ਵਿਧਾਇਕ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਬੰਗਾਲ ਸੜ ਰਿਹਾ ਹੈ। ਕੇਂਦਰ ਨੂੰ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਚਾਹੀਦਾ ਹੈ। ਇੱਥੇ ਬੀਐਸਐਫ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਸੰਵੇਦਨਸ਼ੀਲ ਬੂਥਾਂ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ।