ਚੰਡੀਗੜ੍ਹ, 11 ਜੁਲਾਈ 2023 – ਪੰਜਾਬ ‘ਚ ਬਾਰਸ਼ ਰੁਕਣ ਤੋਂ ਬਾਅਦ ਵੀ ਹਿਮਾਚਲ ਤੋਂ ਆਉਣ ਵਾਲੇ ਪਾਣੀ ਕਾਰਨ ਤਿੰਨੋਂ ਦਰਿਆਵਾਂ ਸਤਲੁਜ, ਰਾਵੀ ਅਤੇ ਬਿਆਸ ਦੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਸਤਲੁਜ ਦੇ ਵਧਦੇ ਪਾਣੀ ਦੇ ਪੱਧਰ ਨੇ ਪੂਰਬੀ ਮਾਲਵਾ, ਚੰਡੀਗੜ੍ਹ, ਖਰੜ, ਮੋਹਾਲੀ, ਪਟਿਆਲਾ ਅਤੇ ਦੋਆਬੇ ਦੇ ਨਵਾਂਸ਼ਹਿਰ, ਸ਼ਾਹਕੋਟ ਅਤੇ ਫਿਲੌਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਤਲੁਜ ਅਤੇ ਘੱਗਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।
ਹੜ੍ਹਾਂ ਨਾਲ ਸਬੰਧਤ ਮਹੱਤਵਪੂਰਨ ਅਪਡੇਟਸ…
- ਸ਼ਾਹਕੋਟ ‘ਚ ਦੋ ਥਾਵਾਂ ‘ਤੇ ਧੁੱਸੀ ਬੰਨ੍ਹ ਟੁੱਟਿਆ। ਜਿਸ ਕਾਰਨ ਆਸਪਾਸ ਦੇ ਪਿੰਡਾਂ ਵਿੱਚ ਪਾਣੀ ਆ ਗਿਆ। NDRF ਦੀਆਂ ਟੀਮਾਂ ਨੇ ਰਾਤ ਨੂੰ ਹੀ ਬਚਾਅ ਕਾਰਜ ਚਲਾਇਆ
- ਭਾਖੜਾ ਡੈਮ ਵਿੱਚ 20 ਫੁੱਟ ਤੱਕ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ। ਇਸ ਤੋਂ ਬਾਅਦ ਫਲੱਡ ਗੇਟ ਖੋਲ੍ਹੇ ਜਾਣਗੇ
- ਪੌਂਗ ਡੈਮ ਵਿਚ 1,390 ਫੁੱਟ ਤੱਕ ਪਾਣੀ ਸਾਂਭਣ ਦੀ ਸਮਰੱਥਾ ਹੈ ਅਤੇ ਉਥੇ ਹੀ ਪਾਣੀ ਦਾ ਪੱਧਰ 1,350.63 ਫੁੱਟ ਨੂੰ ਪਾਰ ਕਰ ਗਿਆ ਹੈ।
- ਰਣਜੀਤ ਸਾਗਰ ਡੈਮ ਵਿੱਚ 1,731.99 ਫੁੱਟ ਤੱਕ ਪਾਣੀ ਸਾਂਭਣ ਦੀ ਸਮਰੱਥਾ ਹੈ ਅਤੇ ਇਸ ਵਿੱਚ ਪਾਣੀ ਦਾ ਪੱਧਰ 1,706.26 ਫੁੱਟ ਤੱਕ ਪਹੁੰਚ ਗਿਆ ਹੈ।
- ਆਨੰਦਪੁਰ ਸਾਹਿਬ ਤੋਂ ਚੰਡੀਗੜ੍ਹ ਆਉਣ ਵਾਲੇ ਰਸਤੇ ਨੂੰ ਵੀ ਲੋੜ ਪੈਣ ’ਤੇ ਹੀ ਵਰਤਣ ਲਈ ਕਿਹਾ ਗਿਆ। ਇਲਾਕੇ ਦੀਆਂ ਸੜਕਾਂ ‘ਤੇ ਪਾਣੀ ਆ ਗਿਆ ਹੈ।
- ਅੰਬਾਲਾ-ਲੁਧਿਆਣਾ ਨੈਸ਼ਨਲ ਹਾਈਵੇ-44 ਅੱਜ ਵੀ ਬੰਦ ਹੈ। ਪਾਣੀ ਭਰਨ ਕਾਰਨ ਲੋਕਾਂ ਨੂੰ ਇਸ ਰਸਤੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
- ਹਰੀਕੇ ਹੈੱਡ ਦੇ ਸਾਰੇ ਗੇਟ ਵੀ ਖੋਲ੍ਹ ਦਿੱਤੇ ਗਏ। ਤਰਨਤਾਰਨ ਦੇ 31 ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ। ਸਥਿਤੀ ਕਾਬੂ ਹੇਠ ਹੈ।
- ਰਾਵੀ ਪਾਰ ਵਿਚ ਫਸੇ ਲਗਭਗ 210 ਕਿਸਾਨਾਂ ਨੂੰ ਦੇਰ ਰਾਤ ਅੰਮ੍ਰਿਤਸਰ ਵਿਚ ਬਚਾ ਲਿਆ ਗਿਆ।