ਪਟਿਆਲਾ ‘ਚ ਪਾਣੀ ਦੇ ਪੱਧਰ ਦਾ ਵਾਧਾ ਰੁਕਿਆ, ਛੇਤੀ ਘਟਣ ਦੀ ਉਮੀਦ

  • ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਦਿੱਤਾ ਜਾਵੇ ਸਾਥ : ਡਿਪਟੀ ਕਮਿਸ਼ਨਰ
  • ਅਰਬਨ ਅਸਟੇਟ ਖੇਤਰ ਦੇ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਰਾਹਤ ਤੇ ਬਚਾਅ ਕਾਰਜ ਜਾਰੀ : ਸਾਕਸ਼ੀ ਸਾਹਨੀ
  • ਅਰਬਨ ਅਸਟੇਟ ਦੇ ਪਾਣੀ ਨਾਲ ਘਿਰੇ ਖੇਤਰਾਂ ਦੇ ਵਸਨੀਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੇ ਜ਼ਰੂਰੀ ਸਮਾਨ ਉਪਲਬਧ ਕਰਵਾਉਣ ਲਈ ਫ਼ੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨਿਰੰਤਰ ਕਾਰਜਸ਼ੀਲ

ਪਟਿਆਲਾ, 12 ਜੁਲਾਈ 2023 – ਪਟਿਆਲਾ ਜ਼ਿਲ੍ਹੇ ਵਿੱਚ ਮੀਂਹ ਦੇ ਪਾਣੀ ਦੇ ਰੂਪ ਵਿੱਚ ਆਈ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਫ਼ੌਜ ਵੱਲੋਂ ਲਗਾਤਾਰ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਪਟਿਆਲਾ ਦੇ ਅਰਬਨ ਅਸਟੇਟ ਦੇ ਖੇਤਰ ‘ਚ ਆਏ ਪਾਣੀ ਦੇ ਪੱਧਰ ‘ਚ ਹੁਣ ਵਾਧਾ ਨਹੀਂ ਹੋ ਰਿਹਾ ਹੈ ਤੇ ਪਾਣੀ ਦੇ ਛੇਤੀ ਘਟਣ ਦੀ ਉਮੀਦ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅਰਬਨ ਅਸਟੇਟ ਖੇਤਰ ਵਿੱਚ ਕਾਫ਼ੀ ਗਿਣਤੀ ਵਿੱਚ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦਕਿ ਇਹ ਕਾਰਜ ਅਜੇ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਆਪਣੇ ਘਰ ਵਿੱਚ ਸੁਰੱਖਿਅਤ ਹਨ ਉਨ੍ਹਾਂ ਨੂੰ ਖਾਣ ਪੀਣ ਸਮੇਤ ਜ਼ਰੂਰੀ ਵਸਤਾਂ ਦੀ ਉਪਲਬਧਤਾ ਵੀ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਘਬਰਾਹਟ ਵਿੱਚ ਆਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਹੁਣ ਪਾਣੀ ਦਾ ਫਲੋਅ ਘਟਿਆ ਹੈ ਅਤੇ ਪਿਛਿਓਂ ਵੀ ਪਾਣੀ ਦੀ ਮਾਤਰਾ ਵਿੱਚ ਕਮੀ ਆਈ ਹੈ। ਉਨ੍ਹਾਂ ਕਿਹਾ ਪਾਣੀ ਦੀ ਮਾਤਰਾ ਹੁਣ ਸਮਾਣਾ ਤੇ ਪਾਤੜਾਂ ਦੇ ਖੇਤਰ ਵਿੱਚ ਵਧੀ ਹੈ। ਉਨ੍ਹਾਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਪਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਨੇ ਕੋਈ ਸੁਝਾਅ ਦੇਣਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਝਾਅ ਦੇ ਸਕਦਾ ਹੈ।

ਇਸ ਤੋਂ ਅੱਜ ਭਾਖੜਾ ਡੈਮ ਮਨੈਜਮੈਟ ਵਲੋ ਇਕ ਪੱਤਰ ਪਾਣੀ ਨੂੰ ਡਿਸਚਾਰਜ਼ ਕਰਨ ਸੰਬਧੀ ਕੱਢਿਆ ਗਿਆ ਹੈ। ਇਹ ਪੱਤਰ ਲੁਧਿਆਣਾ , ਰੋਪੜ , ਫਿਰੋਜਪੁਰ, ਆਨੰਦਪੁਰ ਸਾਹਿਬੁ, ਚੰਡੀਗੜ ਦੇ ਡੀ ਸੀਜ਼ ਨੂੰ ਕੱਢਿਆ ਗਿਆ ਹੈ। ਇਹ ਪੱਤਰ ਪਟਿਆਲਾ ਦੇ ਡੀ ਸੀ ਨੂੰ ਨਹੀ ਭੇਜਿਆ ਗਿਆ ਹੈ। ਭਾਖੜਾ ਡੈਮ ਮਨੈਜਮੈਟ ਨੇ ਪਾਣੀ ਦੇ ਰੂਟ ਅਨੁਸਾਰ ਹੀ ਇਹ ਪੱਤਰ ਜਾਰੀ ਕੀਤਾ ਹੈ। ਜਿਸ ਤੋ ਪੂਰੀ ਤਰਾਂ ਸਪੱਸਟ ਹੈ ਕਿ ਭਾਖੜਾ ਵਲੋ ਛੱਡਿਆ ਜਾਣ ਵਾਲਾ ਪਾਣੀ ਪਟਿਆਲਾ ਆ ਹੀ ਨਹੀ ਸਕਦਾ ।

ਪਟਿਆਲਾ ਵਾਸੀ ਘਬਰਾਹਟ ਵਿਚ ਨਾ ਆਉਣ , ਸਿਰਫ ਪ੍ਰਮਾਤਮਾ ਨੂੰ ਅਰਦਾਸ ਕਰਨ ਕਿ ਆਉਣ ਵਾਲੇ ਦੋ ਦਿਨ ਚੰਡੀਗੜ੍ਹ , ਮੋਹਾਲੀ ਜਾਂ ਹਿਮਾਚਲ ਦੇ ਕੁਝ ਹਿੱਸੇ ਵਿਚ ਬਾਰਸ ਨਾ ਹੋਵੇ। ਰਾਤੀ 10 ਵਜੇ ਆਈ ਰਿਪੋਰਟ ਤਹਿਤ ਪਟਿਆਲਾ ਨਦੀ ਦਾ ਪਾਣੀ ਦਾ ਲੈਬਲ 2 ਤੋ 3 ਫੁੱਟ ਦੇ ਕਰੀਬ ਘਟਿਆ ਹੈ ਤੇ ਰਾਤ ਨੂੰ ਇਸ ਦੇ ਹੋਰ ਘਟਣ ਦੀ ਉਮੀਦ ਹੈ। ਸੋ ਅਫਵਾਹਾਂ ਤੋ ਸੁਚੇਤ ਰਹੋ ।

ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਹੜ੍ਹ ਕੰਟਰੋਲ ਰੂਮ ਦੇ ਨੰਬਰ 0175-2350550 ‘ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਵੱਲੋਂ ਲਗਾਤਾਰ ਹਾਲਾਤ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ।

ਅੱਠ ਕਲੋਨੀ ਰਹਿਣਗੀਆਂ ਅਲਰਟ ਉਤੇ: ਡਿਪਟੀ ਕਮਿਸ਼ਨਰ ਨੇ ਅਹਿਤਿਆਦ ਵਜੋਂ ਅੱਠ ਕਲੋਨੀਆਂ ਦੇ ਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਵੀ ਕੀਤੀ। ਇਨ੍ਹਾਂ ਕਲੋਨੀਆਂ ਵਿੱਚ ਅਰਬਨ ਅਸਟੇਟ-1, ਚੌਰਾ, ਹੀਰਾ ਬਾਗ, ਗੋਬਿੰਦ ਬਾਗ, ਰੋਜ਼ ਕਲੋਨੀ, ਜਗਦੀਸ਼ ਕਲੋਨੀ, ਮਥੁਰਾ ਕਲੋਨੀ ਅਤੇ ਤੇਗ ਬਾਗ ਕਲੋਨੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਕੰਮ ਕੀਤਾ ਗਿਆ ਹੈ ਜਿਨ੍ਹਾਂ ਨੂੰ ਕੋਈ ਮੈਡੀਕਲ ਸੇਵਾਵਾਂ ਦੀ ਲੋੜ ਸੀ ਤੇ ਹੁਣ ਉਨ੍ਹਾਂ ਖੇਤਰਾਂ ਵਿੱਚ ਪਹੁੰਚ ਬਣਾਈ ਜਾ ਰਹੀ ਹੈ ਜਿਥੇ ਹਾਲੇ ਤੱਕ ਕਿਸ਼ਤੀ ਨਹੀਂ ਗਈ ਹੈ। ਉਨ੍ਹਾਂ ਕਿਹਾ ਕਿ ਪਾਣੀ ਨਾਲ ਘਿਰੇ ਹਰੇਕ ਵਿਅਕਤੀ ਤੱਕ ਪਹੁੰਚ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਫ਼ੌਜ ਦੀਆਂ ਟੀਮਾਂ ਨਿਰੰਤਰ ਕਾਰਜਸ਼ੀਲ ਹਨ। ਉਨ੍ਹਾਂ ਲੋਕਾਂ ਨੂੰ ਵੀ ਇਸ ਕੁਦਰਤੀ ਆਫ਼ਤ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਵਿਭਾਗ ਵੱਲੋਂ ਹੜ੍ਹ ਦੌਰਾਨ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ

ਕੋਟਕਪੂਰਾ ‘ਚ ਡਿੱਗੀ ਮਕਾਨ ਦੀ ਛੱਤ: ਮਲਬੇ ਹੇਠ ਦੱਬ ਕੇ ਪਤੀ, ਗਰਭਵਤੀ ਪਤਨੀ ਤੇ 4 ਸਾਲਾ ਪੁੱਤ ਦੀ ਮੌ+ਤ