ਮੋਹਾਲੀ, 12 ਜੁਲਾਈ 2023 – ਯੂਥ ਅਕਾਲੀ ਦਲ ਦੇ ਜਾਣੇ-ਪਛਾਣੇ ਆਗੂ, ਸਵਰਗਵਾਸੀ ਵਿਕਰਮਜੀਤ ਸਿੰਘ ਮਿੱਡੂਖੇੜਾ ਦੇ ਨਾਂ ਉੱਤੇ ਸਥਾਪਤ ਸ਼ਹਿਰ ਅਧਾਰਤ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) ‘ਵਿੱਕੀ ਮਿੱਡੂਖੇੜਾ ਫਾਊਂਡੇਸ਼ਨ’ ਨੇ ਮੋਹਾਲੀ ਵਿਖੇ ਚੱਪੜਚਿੜੀ ਦੇ ਬਰਸਾਤ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ।
ਇਹ ਫੰਡ, ਫਾਊਂਡੇਸ਼ਨ ਦੇ ਪ੍ਰਧਾਨ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਵੱਲੋਂ ਉਨ੍ਹਾਂ ਦੋ ਪਰਿਵਾਰਾਂ ਨੂੰ ਦਿੱਤਾ ਗਿਆ, ਜਿਨ੍ਹਾਂ ਦੇ ਘਰ ਭਾਰੀ ਮੀਂਹ ਕਾਰਨ ਢਹਿ ਗਏ ਸਨ। ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਇਸ ਮੌਕੇ ਬੋਲਦਿਆਂ ਅਜੈਪਾਲ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਬੇਰੋਕ ਬਰਸਾਤ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਗ਼ਰੀਬ ਲੋਕਾਂ ‘ਤੇ ਵੀ ਮਾੜਾ ਅਸਰ ਪਿਆ ਹੈ, ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ।
ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਦੇ ਮੈਂਬਰਾਂ ਨੇ ਪਿੰਡ ਦਾ ਦੌਰਾ ਕਰਕੇ ਦੇਖਿਆ ਕਿ ਹੜ੍ਹਾਂ ਅਤੇ ਮੀਂਹ ਕਾਰਨ ਕਈ ਘਰ ਨੁਕਸਾਨੇ ਗਏ ਹਨ। ਇਨ੍ਹਾਂ ਵਿੱਚ ਦੋ ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰ ਸਨ ਜਿਨ੍ਹਾਂ ਦੀ ਛੱਤ ਡਿੱਗ ਗਈ ਸੀ ਅਤੇ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦਾ ਸਿਵਲ ਹਸਪਤਾਲ ਮੁਹਾਲੀ ਵਿੱਚ ਇਲਾਜ ਵੀ ਚੱਲ ਰਿਹਾ ਹੈ। ਅਜਿਹੇ ਪਰਿਵਾਰਾਂ ਨੂੰ ਫਾਊਂਡੇਸ਼ਨ ਵੱਲੋਂ ਘਰ ਦੇ ਨੁਕਸਾਨ ਅਤੇ ਡਾਕਟਰੀ ਇਲਾਜ ਲਈ ਆਰਥਿਕ ਸਹਾਇਤਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਲਦੀ ਹੀ ਫਾਊਂਡੇਸ਼ਨ ਇਸ ਸਮੁੱਚੇ ਪਿੰਡ ਦੀ ਹਾਲਤ ਦੀ ਸੂਚੀ ਬਣਾ ਕੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸੌਂਪੇਗੀ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।