ਫਿਰੋਜ਼ਪੁਰ, 13 ਜੁਲਾਈ 2023 – ਪੰਜਾਬ ਵਿੱਚ ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਹੁਸੈਨੀਵਾਲਾ ਤੋਂ ਗੱਟੀ ਰਾਜੋਕੇ ਵੱਲ ਜਾਣ ਵਾਲਾ ਪੁਲ ਰੁੜ੍ਹ ਗਿਆ ਹੈ। ਇਹ ਪੁਲ ਸੜਕ ਤੋਂ ਲੰਘਦੀ ਡਰੇਨ ਦੇ ਉੱਪਰ ਬਣਿਆ ਹੈ ਪਰ ਇਸ ਪੁਲ ਨੂੰ ਜੋੜਨ ਵਾਲੀ ਸੜਕ 25 ਫੁੱਟ ਚੌੜੀ ਪਾੜ ਪੈਣ ਕਾਰਨ ਧਸ ਗਈ ਹੈ। ਸੜਕ ਟੁੱਟਣ ਕਾਰਨ 15 ਸਰਹੱਦੀ ਪਿੰਡਾਂ ਦੇ ਲੋਕਾਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ।
ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਹੁਣ ਹੁਸੈਨੀਵਾਲਾ ਪਹੁੰਚਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪਵੇਗਾ। ਹੁਸੈਨੀਵਾਲਾ ਤੋਂ ਗੱਟੀਰਾਜੋਕੇ ਨੂੰ ਜਾਣ ਵਾਲੀ ਇਹ ਸੜਕ ਸਰਹੱਦੀ ਪਿੰਡਾਂ ਦੀ ਜ਼ਿੰਦਗੀ ਹੈ ਕਿਉਂਕਿ ਇਹ ਪਿੰਡ ਇਕ ਪਾਸੇ ਪਾਕਿਸਤਾਨ ਅਤੇ ਦੂਜੇ ਪਾਸੇ ਸਤਲੁਜ ਦਰਿਆ ਨਾਲ ਘਿਰੇ ਹੋਏ ਹਨ, ਪਰ ਹੁਣ ਪਿੰਡ ਵਾਸੀ ਪ੍ਰੇਸ਼ਾਨ ਹਨ।
ਅਜਿਹੇ ਸਮੇਂ ਵਿਚ ਜਦੋਂ ਨਦੀ ਵਿਚ ਤੇਜ਼ੀ ਹੈ ਅਤੇ ਇਸ ਦੇ ਕਿਨਾਰਿਆਂ ਦੀ ਚੌੜਾਈ ਕਈ ਕਿਲੋਮੀਟਰ ਤੱਕ ਵਧ ਗਈ ਹੈ। ਅਜਿਹੇ ‘ਚ ਦਰਿਆ ਪਾਰ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲ ਸਮੇਤ ਟੁੱਟੀ ਸੜਕ ਦੇ ਹਿੱਸੇ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾ ਕੇ ਆਵਾਜਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

