ਮੋਹਾਲੀ, 15 ਜੁਲਾਈ 2023 – ਪੰਜਾਬ ਵਿੱਚ ਜਿਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ, ਉਨ੍ਹਾਂ ਤੋਂ ਨਵੇਂ ਅਧਿਆਪਕ ਮਿਲਣ ਦੀ ਆਸ ਬੱਝ ਗਈ ਹੈ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ 5994 ਈਟੀਟੀ ਅਧਿਆਪਕਾਂ ਨੂੰ ਜੁਆਇਨ ਕਰਨ ਲਈ ਆਪਣੇ ਦਸਤਾਵੇਜ਼ਾਂ ਦੀ ਪੜਤਾਲ ਲਈ ਆਉਣ ਲਈ ਸੁਨੇਹਾ ਭੇਜਿਆ ਹੈ। ਇਨ੍ਹਾਂ ਅਧਿਆਪਕਾਂ ਨੂੰ 17 ਜੁਲਾਈ ਤੋਂ 4 ਅਗਸਤ, 2023 ਤੱਕ ਮੁਹਾਲੀ ਸਥਿਤ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਅਤੇ ਫੇਜ਼ 3ਬੀ-1 ਸਥਿਤ ਸਰਕਾਰੀ ਮਾਡਲ ਸੀਨੀਅਰ ਸਕੂਲ ਵਿਖੇ ਬੁਲਾਇਆ ਗਿਆ ਹੈ।
ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਅੰਕ ਅਤੇ ਰਾਖਵੀਂ ਸ਼੍ਰੇਣੀ ਅਨੁਸਾਰ ਬੁਲਾਇਆ ਜਾ ਰਿਹਾ ਹੈ। ਇਸ ਦੌਰਾਨ ਬਿਨੈਕਾਰਾਂ ਨੂੰ ਆਪਣੀ 10ਵੀਂ, ਈ.ਟੀ.ਟੀ., ਬੀ.ਏ., ਹੋਰ ਪੜ੍ਹਾਈ ਅਤੇ ਹੋਰ ਸਾਰੇ ਦਸਤਾਵੇਜ਼ ਆਪਣੇ ਨਾਲ ਲਿਆਉਣ ਲਈ ਕਿਹਾ ਗਿਆ ਹੈ। ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 5 ਮਾਰਚ 2023 ਨੂੰ ਹੋਈ ਸੀ ਅਤੇ ਉਦੋਂ ਤੋਂ ਹੀ ਅਧਿਆਪਕ ਭਰਤੀ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ।
ਅਧਿਆਪਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਉਪਰੰਤ ਇਨ੍ਹਾਂ ਅਧਿਆਪਕਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਦੇ ਡਾਇਟ ਸੈਂਟਰਾਂ ਵਿੱਚ ਸਿਖਲਾਈ ਲਈ ਭੇਜਿਆ ਜਾਵੇਗਾ ਅਤੇ ਸਟੇਸ਼ਨ ਅਲਾਟ ਕਰਨ ਉਪਰੰਤ ਇਨ੍ਹਾਂ ਨੂੰ ਸਕੂਲਾਂ ਵਿੱਚ ਭਰਤੀ ਕਰਵਾਇਆ ਜਾਵੇਗਾ। ਅਧਿਆਪਕਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਸਿੱਖਿਆ ਵਿਭਾਗ ਦੇ ਪੋਰਟਲ ‘ਤੇ ਦਿੱਤੀ ਗਈ ਆਈ.ਡੀ. ਤੋਂ ਆਪਣੇ ਪੜਤਾਲ ਫਾਰਮ ਡਾਊਨਲੋਡ ਕਰ ਲੈਣ ਤਾਂ ਜੋ ਮੰਗੇ ਗਏ ਦਸਤਾਵੇਜ਼ਾਂ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਭੁਲੇਖਾ ਨਾ ਪਵੇ। ਈਟੀਟੀ ਅਧਿਆਪਕਾਂ ਵੱਲੋਂ ਕਈ ਵਾਰ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੀ ਜੁਆਇਨਿੰਗ ਜਲਦੀ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ ਪ੍ਰੀਖਿਆ ਵੀ ਦਿੱਤੀ ਹੈ।
ਪੰਜਾਬ ਵਿੱਚ ਅਪ੍ਰੈਲ 2023 ਤੱਕ 1500 ਤੋਂ ਵੱਧ ਸਕੂਲਾਂ ਵਿੱਚ ਇੱਕ ਹੀ ਅਧਿਆਪਕ 50 ਤੋਂ 200 ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਇਸ ਦੇ ਨਾਲ ਹੀ 2 ਜਾਂ 3 ਅਧਿਆਪਕਾਂ ਵਾਲੇ ਸਕੂਲਾਂ ਦੀ ਗਿਣਤੀ ਵੀ ਕਾਫੀ ਹੈ। ਇਕੱਲੇ ਅਧਿਆਪਕਾਂ ਵਾਲੇ ਸਕੂਲਾਂ ਵਿਚ ਵੱਡੀ ਗਿਣਤੀ ਐਲੀਮੈਂਟਰੀ ਸਿੱਖਿਆ ਵਾਲੇ ਸਕੂਲਾਂ ਦੀ ਹੈ। ਅਜਿਹੇ ਵਿੱਚ 5994 ਈ.ਟੀ.ਟੀ ਅਧਿਆਪਕਾਂ ਦੇ ਆਉਣ ਨਾਲ ਐਲੀਮੈਂਟਰੀ ਸਿੱਖਿਆ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਫੀ ਹੱਦ ਤੱਕ ਪੂਰੀ ਹੋ ਜਾਵੇਗੀ।
ਪਿਛਲੇ ਸਾਲ ਸਿੱਖਿਆ ਵਿਭਾਗ ਨੇ ਵੱਖ-ਵੱਖ ਬੈਚਾਂ ਵਿੱਚ 6500 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਸੀ। ਇਸ ਵਿੱਤੀ ਸਾਲ ਵਿੱਚ ਜੂਨ ਵਿੱਚ 4161 ਬੈਚ ਦੀ ਭਰਤੀ ਮੁਕੰਮਲ ਹੋ ਚੁੱਕੀ ਹੈ। ਇਨ੍ਹਾਂ ਅਧਿਆਪਕਾਂ ਨੂੰ ਸਕੂਲ ਵੀ ਅਲਾਟ ਕਰ ਦਿੱਤੇ ਗਏ ਹਨ ਅਤੇ ਜੂਨ-ਜੁਲਾਈ ਵਿੱਚ ਹੀ ਜੁਆਇਨ ਕਰ ਲਏ ਗਏ ਹਨ ਅਤੇ ਉਨ੍ਹਾਂ ਸਕੂਲਾਂ ਨੂੰ ਪਹਿਲ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਸਿਰਫ਼ ਇੱਕ ਜਾਂ ਦੋ ਅਧਿਆਪਕ ਹਨ। ਅਗਸਤ-ਸਤੰਬਰ ਤੱਕ 5994 ਅਧਿਆਪਕਾਂ ਦੀ ਜੁਆਇਨਿੰਗ ਵੀ ਹੋ ਜਾਵੇਗੀ। ਇਸ ਤਰ੍ਹਾਂ ਪਹਿਲੇ ਛੇ ਮਹੀਨਿਆਂ ਵਿੱਚ ਸਰਕਾਰੀ ਸਕੂਲਾਂ ਨੂੰ 10 ਹਜ਼ਾਰ ਤੋਂ ਵੱਧ ਅਧਿਆਪਕ ਮਿਲ ਜਾਣਗੇ, ਜਿਸ ਨਾਲ ਬੱਚਿਆਂ ਨੂੰ ਕਾਫੀ ਫਾਇਦਾ ਹੋਵੇਗਾ।