- ਕੁੱਝ ਦਿਨ ਪਹਿਲਾਂ ਪੁਲਿਸ ਨੇ ਮੁਕਾਬਲੇ ਦੌਰਾਨ ਕੀਤਾ ਸੀ ਕਾਬੂ
- ਮੁਕਾਬਲੇ ਦੌਰਾਨ ਗੈਂਗਸਟਰ ਦੀ ਲੱਤ ‘ਚ ਲੱਗੀ ਸੀ ਗੋ+ਲੀ
- ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਇਸੇ ਹਸਪਤਾਲ ‘ਚ ਚੱਲ ਰਿਹਾ ਹੈ ਇਲਾਜ
ਫਰੀਦਕੋਟ, 15 ਜੁਲਾਈ 2023 – ਪੰਜਾਬ ਸੀਆਈਏ ਸਟਾਫ਼ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਵਾਲਾ ਬੰਬੀਹਾ ਗਰੁੱਪ ਦਾ ਗੈਂਗਸਟਰ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਹੈ। ਉਹ ਇਲਾਜ ਦੌਰਾਨ ਅੱਜ ਸ਼ਨੀਵਾਰ ਸਵੇਰੇ 4 ਵਜੇ ਦੇ ਕਰੀਬ ਮੈਡੀਕਲ ਕਾਲਜ ਹਸਪਤਾਲ ਤੋਂ ਫਰਾਰ ਹੋ ਗਿਆ। ਗੈਂਗਸਟਰ ਮੁਲਜ਼ਮ ਸ਼ਮਿੰਦਰ ਲਾਲ ਵਾਸੀ ਪਿੰਡ ਚਾਹਲ ਜ਼ਿਲ੍ਹਾ ਫਰੀਦਕੋਟ ਦੇ ਫਰਾਰ ਹੋਣ ਦੀ ਪੁਸ਼ਟੀ ਐਸਐਸਪੀ ਫਰੀਦਕੋਟ ਨੇ ਕੀਤੀ ਹੈ।
ਲੱਤ ਵਿੱਚ ਗੋਲੀ ਲੱਗਣ ਕਾਰਨ ਗੈਂਗਸਟਰ ਨੂੰ 4 ਦਿਨ ਪਹਿਲਾਂ ਇਲਾਜ ਲਈ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਇੱਥੇ ਦਾਖਲ ਹੈ, ਜਿਸ ਦਾ ਟਾਈਫਾਈਡ ਦਾ ਇਲਾਜ ਚੱਲ ਰਿਹਾ ਹੈ। ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੀ ਪੁਲੀਸ ਉਸ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ। ਪੂਰੇ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ।
ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਬੰਬੀਹਾ ਗਰੁੱਪ ਦੇ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਦੀ ਘਟਨਾ ਪੁਲਿਸ ‘ਤੇ ਵੱਡਾ ਸਵਾਲ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਅਗਲੀ ਕਾਰਵਾਈ ਕੀ ਹੋਵੇਗੀ।
ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਸੋਮਵਾਰ ਅੱਧੀ ਰਾਤ ਨੂੰ ਬੀੜ ਸਿੱਖਾਂ ਵਾਲਾ ਤੋਂ ਮੁਲਜ਼ਮ ਨੂੰ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਮੁਕਾਬਲੇ ਦੌਰਾਨ ਉਸ ਦੀ ਲੱਤ ‘ਤੇ ਗੋਲੀ ਲੱਗੀ ਸੀ ਅਤੇ ਉਹ ਫਰੀਦਕੋਟ ਦੇ ਹਸਪਤਾਲ ‘ਚ ਦਾਖ਼ਲ ਸੀ।