- ਗੈਂਗਸਟਰ ਲੱਤ ‘ਚ ਗੋਲੀ ਲੱਗਣ ਦੇ ਬਾਵਜੂਦ ਸ਼ੱਕੀ ਹਾਲਾਤਾਂ ‘ਚ ਹੋਇਆ ਸੀ ਫਰਾਰ
ਫਰੀਦਕੋਟ, 15 ਜੁਲਾਈ 2023 – ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਤੋਂ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਰਿੰਦਰਪਾਲ ਸਿੰਘ ਦੇ ਫਰਾਰ ਹੋਣ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕੀਤੀ ਹੈ। ਉਸ ਦੀ ਨਿਗਰਾਨੀ ‘ਤੇ ਤਾਇਨਾਤ ਪੁਲੀਸ ਟੀਮ ’ਤੇ ਗਾਜ ਡਿੱਗੀ ਹੈ। ਫਰੀਦਕੋਟ ਦੇ ਥਾਣਾ ਸਿਟੀ ਵਿਖੇ ਡਿਊਟੀ ‘ਚ ਅਣਗਹਿਲੀ ਵਰਤਣ ਦੇ ਦੋਸ਼ ‘ਚ ਏ.ਐੱਸ.ਆਈ., ਕਾਂਸਟੇਬਲ ਸਮੇਤ 3 ਹੋਮਗਾਰਡ ਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮੁਲਜ਼ਮ ਨੂੰ ਸੀਆਈਏ ਸਟਾਫ਼ ਨੇ ਬੀੜ ਸਿੱਖਾਂਵਾਲਾ ਤੋਂ ਬੀਤੇ ਸੋਮਵਾਰ ਗ੍ਰਿਫ਼ਤਾਰ ਕੀਤਾ ਸੀ। ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਸੀ। ਉਸ ਦਾ ਇੱਕ ਹੋਰ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਫਰਾਰ ਅਪਰਾਧੀ ‘ਤੇ ਜੈਤੋ ਦੇ ਰਾਮਲੀਲਾ ਮੈਦਾਨ ‘ਚ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਵੱਲੋਂ ਪੁਲਿਸ ਟੀਮ ‘ਤੇ ਵੀ ਪਿਸਤੌਲ ਨਾਲ ਫਾਇਰ ਕੀਤਾ ਗਿਆ।
ਮੁਲਜ਼ਮਾਂ ਦਾ ਸਬੰਧ ਗੈਂਗਸਟਰ ਗਰੁੱਪ ਬੰਬੀਹਾ ਨਾਲ ਵੀ ਦੱਸਿਆ ਗਿਆ। ਅਜਿਹੇ ‘ਚ ਮੈਡੀਕਲ ਕਾਲਜ ‘ਚ ਇਲਾਜ ਦੌਰਾਨ ਉਸ ਦਾ 24 ਘੰਟੇ ਸਖਤ ਸੁਰੱਖਿਆ ਹੇਠ ਇਲਾਜ ਕੀਤਾ ਜਾ ਰਿਹਾ ਸੀ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਹੌਲਦਾਰ ਅੰਗਰੇਜ ਸਿੰਘ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ ਜਦੋਂ ਉਹ ਆਪਣੀ ਡਿਊਟੀ ‘ਤੇ ਮੈਡੀਕਲ ਕਾਲਜ ਪਹੁੰਚਿਆ ਤਾਂ ਦੋਸ਼ੀ ਸੁਰਿੰਦਰਪਾਲ ਸਿੰਘ ਆਪਣੇ ਬੈੱਡ ‘ਤੇ ਨਹੀਂ ਸੀ। ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਉਹ ਫਰਾਰ ਹੋ ਗਿਆ ਹੈ। ਇਸ ਵਿੱਚ ਏਐਸਆਈ ਨਾਨਕ ਚੰਦਰ, ਕਾਂਸਟੇਬਲ ਗੁਰਤੇਜ ਸਿੰਘ, ਹੋਮ ਗਾਰਡ ਜਵਾਨ ਹਰਜਿੰਦਰ ਸਿੰਘ, ਹੋਮ ਗਾਰਡ ਜਵਾਨ ਹਰਪਾਲ ਸਿੰਘ ਅਤੇ ਹੋਮ ਗਾਰਡ ਜਵਾਨ ਰਜਿੰਦਰ ਕੁਮਾਰ ਦੀ ਲਾਪਰਵਾਹੀ ਸਾਹਮਣੇ ਆਈ। ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ ਅਤੇ ਪੁਲੀਸ ਨੇ ਰਾਤ ਸਮੇਂ ਗੈਂਗਸਟਰ ਦੀ ਸੁਰੱਖਿਆ ਵਿੱਚ ਤਾਇਨਾਤ ਪੰਜ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਇਸ ਦੇ ਨਾਲ ਹੀ ਪੁਲਸ ਵਿਭਾਗ ‘ਤੇ ਸਵਾਲ ਉਠਾਏ ਜਾ ਰਹੇ ਹਨ ਕਿ ਜਦੋਂ ਅਪਰਾਧੀ ਜ਼ਖਮੀ ਸੀ ਅਤੇ ਉਸ ਦੀ ਲੱਤ ‘ਚ ਗੋਲੀ ਲੱਗੀ ਸੀ ਤਾਂ ਉਹ ਆਪਣੇ ਬਿਸਤਰ ਤੋਂ ਉੱਠ ਕੇ ਕਿਵੇਂ ਭੱਜ ਗਿਆ ? ਜੇਕਰ ਉਹ ਠੀਕ ਹੋ ਗਿਆ ਸੀ ਤਾਂ ਉਸ ਨੂੰ ਜੇਲ੍ਹ ਕਿਉਂ ਨਹੀਂ ਭੇਜਿਆ ਗਿਆ ? ਉਸ ਨੇ ਹਥਕੜੀਆਂ ਕਿਵੇਂ ਖੋਲ੍ਹੀਆਂ ? ਪੁਲਿਸ ਸਰਵੀਲੈਂਸ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਤੱਕ ਕਿਉਂ ਨਹੀਂ ਪਹੁੰਚ ਸਕੀ ?